ਨਵੀਂ ਦਿੱਲੀ: ਛੇਤੀ ਹੀ ਤੁਹਾਡੇ ਹੱਥਾਂ ਵਿੱਚ ਨਵੇਂ ਵਾਰਨਿਸ਼ ਵਾਲੇ 100 ਰੁਪਏ ਦੇ ਨੋਟ ਹੋਣਗੇ। ਇਨ੍ਹਾਂ ਨੋਟਾਂ ਦੀ ਖ਼ਾਸੀਅਤ ਹੋਵੇਗੀ ਕਿ ਇਹ ਛੇਤੀ ਗੰਦੇ ਨਹੀਂ ਹੋਣਗੇ ਤੇ ਨਾ ਹੀ ਜਲਦੀ ਪਾਟ ਸਕਣਗੇ। ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਇਸ ਖ਼ਾਸ ਨੋਟ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ।

ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ ਦੇ ਤੌਰ 'ਤੇ ਜਾਰੀ ਕਰੇਗਾ। ਇਨ੍ਹਾਂ ਨੋਟਾਂ 'ਤੇ ਵਿਸ਼ੇਸ਼ ਪਰਤ ਚੜ੍ਹੀ ਹੁੰਦੀ ਹੈ, ਜਿਸ ਨਾਲ ਇਹ ਛੇਤੀ ਨਹੀਂ ਪਾਟਦੇ ਤੇ ਨਾ ਹੀ ਗੰਦੇ ਹੁੰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਰਨਿਸ਼ ਲੱਗੇ ਨੋਟਾਂ ਦੀ ਵਰਤੋਂ ਹੁੰਦੀ ਹੈ, ਇਸ ਲਈ ਆਰਬੀਆਈ 100 ਰੁਪਏ ਦੇ ਨੋਟ ਤੋਂ ਹੀ ਸ਼ੁਰੂਆਤ ਕਰੇਗਾ।

ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਹਰ ਸਾਲ ਅਰਬਾਂ ਰੁਪਏ ਦੇ ਪਾਟੇ-ਪੁਰਾਣੇ ਤੇ ਗੰਦੇ ਨੋਟ ਬਦਲਣੇ ਪੈਂਦੇ ਹਨ। ਨੋਟਾਂ ਦੇ ਇਸ ਬਦਲੀਕਰਨ ਵਿੱਚ ਆਰਬੀਆਈ ਨੂੰ ਕਾਫੀ ਖਰਚਾ ਕਰਨਾ ਪੈਂਦਾ ਹੈ। ਪਰ ਵਾਰਨਿਸ਼ ਲੱਗੇ ਨੋਟਾਂ ਨਾਲ ਇਹ ਲਾਗਤ ਕਾਫੀ ਹੱਦ ਤਕ ਘੱਟ ਹੋਣ ਦੀ ਆਸ ਹੈ।