Red Fort Blast Case : ਦਿੱਲੀ ਬੰਬ ਧਮਾਕੇ ਦੇ 2 ਮੁਲਜ਼ਮਾਂ ਨੂੰ ਅਦਾਲਤ ਨੇ 10 ਦਿਨਾਂ ਦੀ NIA ਹਿਰਾਸਤ 'ਚ ਭੇਜਿਆ
Red Fort Blast Case : ਪਟਿਆਲਾ ਹਾਊਸ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਬੰਬ ਧਮਾਕੇ ਦੇ ਦੋ ਮੁਲਜ਼ਮਾਂ ਤੁਫੈਲ ਅਹਿਮਦ ਭੱਟ ਅਤੇ ਜ਼ਮੀਰ ਅਹਿਮਦ ਅਹੰਗਰ ਨੂੰ 10 ਦਿਨਾਂ ਲਈ ਐਨਆਈਏ ਦੀ ਹਿਰਾਸਤ 'ਚ ਭੇਜ ਦਿੱਤਾ ਹੈ।

Red Fort Blast Case : ਪਟਿਆਲਾ ਹਾਊਸ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਬੰਬ ਧਮਾਕੇ ਦੇ ਦੋ ਮੁਲਜ਼ਮਾਂ ਤੁਫੈਲ ਅਹਿਮਦ ਭੱਟ ਅਤੇ ਜ਼ਮੀਰ ਅਹਿਮਦ ਅਹੰਗਰ ਨੂੰ 10 ਦਿਨਾਂ ਲਈ ਐਨਆਈਏ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਮਾਮਲੇ ਦੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਜਾਂਚ ਕਰ ਰਹੀ ਹੈ। ਮਾਮਲੇ ਦੀ ਅਗਲੀ ਸੁਣਵਾਈ ਵਿੱਚ ਜਾਂਚ ਨਾਲ ਸਬੰਧਤ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਜਾਂਚ ਏਜੰਸੀ ਅਨੁਸਾਰ ਇਹ ਆਰੋਪ ਹੈ ਕਿ ਉਹ ਹਥਿਆਰ ਅਤੇ ਗੋਲਾ ਬਾਰੂਦ ਇਕੱਠਾ ਕਰ ਰਹੇ ਸਨ। ਜ਼ਮੀਰ ਅਹਿਮਦ ਅਹੰਗਰ ਨੂੰ ਉਮਰ ਉਨ ਨਬੀ, ਮੁਫਤੀ ਇਰਫਾਨ ਅਹਿਮਦ ਅਤੇ ਡਾ. ਅਦੀਲ ਅਹਿਮਦ ਰਾਥਰ ਨੇ ਇਕ ਰਾਈਫਲ, ਇਕ ਪਿਸਤੌਲ ਅਤੇ ਗੋਲਾ ਬਾਰੂਦ ਦਿੱਤਾ ਸੀ। ਦੋਵੇਂ ਮੁਲਜ਼ਮ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਹੋਏ ਸਨ।
ਐਨਆਈਏ ਨੇ ਮੁਲਜ਼ਮਾਂ ਤੋਂ ਹੋਰ ਖਾਸ ਵੇਰਵੇ ਪ੍ਰਾਪਤ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਦੇ ਪਿੱਛੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਜੰਮੂ-ਕਸ਼ਮੀਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਿਰਾਸਤ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ।
ਦੱਸ ਦੇਈਏ ਕਿ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਵਿੱਚ ਲਗਭਗ 15 ਲੋਕ ਮਾਰੇ ਗਏ ਸਨ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਡਾ. ਉਮਰ-ਉਨ-ਨਬੀ ਧਮਾਕੇ ਸਮੇਂ ਕਾਰ ਚਲਾ ਰਹੇ ਸਨ ਅਤੇ ਆਤਮਘਾਤੀ ਹਮਲੇ ਵਿੱਚ ਉਸ ਦੀ ਮੌਤ ਹੋ ਗਈ ਹੈ। ਫੋਰੈਂਸਿਕ ਜਾਂਚ 'ਚ ਉਸਦੀ ਪਛਾਣ ਦੀ ਪੁਸ਼ਟੀ ਹੋਈ ਸੀ।























