Republic Day2022 : 73ਵੇਂ ਗਣਤੰਤਰ ਦਿਵਸ 'ਤੇ ਦੇਸ਼ ਭਰ 'ਚ ਉਤਸ਼ਾਹ ਦਾ ਮਾਹੌਲ ਸੀ। ਰਾਜਪਥ 'ਤੇ ਦੁਨੀਆ ਨੇ ਭਾਰਤ ਦੀ ਸੱਭਿਆਚਾਰਕ, ਆਰਥਿਕ ਅਤੇ ਫੌਜੀ ਤਾਕਤ ਦੇਖੀ। ਰਾਜਪਥ 'ਤੇ ਕਈ ਰਾਜਾਂ ਦੀ ਝਾਂਕੀ ਤੋਂ ਇਲਾਵਾ ਫੌਜੀ ਬਲਾਂ ਦੀ ਪਰੇਡ ਨੇ ਸਾਰਿਆਂ ਦਾ ਧਿਆਨ ਖਿੱਚਿਆ।
ਇਸ ਦੌਰਾਨ ਪਰੇਡ ਵਿੱਚ ਦੇਸ਼ ਦੀ ਨਾਰੀ ਸ਼ਕਤੀ ਦੀ ਝਲਕ ਵੀ ਦੇਖਣ ਨੂੰ ਮਿਲੀ। ਭਾਰਤੀ ਹਵਾਈ ਸੈਨਾ ਦੀ ਮਹਿਲਾ ਲੜਾਕੂ ਪਾਇਲਟ ਸ਼ਿਵਾਂਗੀ ਸਿੰਘ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ ਸ਼ਿਵਾਂਗੀ ਸਿੰਘ ਦੇਸ਼ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪਾਇਲਟ ਹੈ ,ਜਿਸ ਨੇ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰੀ ਹੈ।
ਇਸ ਵਾਰ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਭਾਰਤੀ ਹਵਾਈ ਸੈਨਾ ਦੀ ਝਾਂਕੀ ਵਿੱਚ ਹਿੱਸਾ ਲਿਆ। ਪਿਛਲੇ ਸਾਲ ਦੇ ਸ਼ੁਰੂ ਵਿੱਚ ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਭਾਰਤੀ ਹਵਾਈ ਸੈਨਾ ਦੀ ਝਾਂਕੀ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਮਹਿਲਾ ਲੜਾਕੂ ਪਾਇਲਟ ਬਣ ਗਈ ਸੀ।
ਰਾਫੇਲ ਤੋਂ ਇਲਾਵਾ ਸ਼ਿਵਾਂਗੀ ਸਿੰਘ ਨੇ ਮਿਗ 21 ਬਾਇਸਨ ਜਹਾਜ਼ ਵੀ ਉਡਾਇਆ ਹੈ ਅਤੇ ਉਹ ਭਾਰਤੀ ਹਵਾਈ ਸੈਨਾ ਦੇ ਗੋਲਡਨ ਐਰੋ ਸਕੁਐਡਰਨ ਦਾ ਹਿੱਸਾ ਹੈ। ਸ਼ਿਵਾਂਗੀ ਸਿੰਘ ਦੇ ਏਅਰਫੋਰਸ ਕਰੀਅਰ ਦੀ ਗੱਲ ਕਰੀਏ ਤਾਂ ਉਹ ਸਾਲ 2017 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਈ ਸੀ। ਸ਼ਿਵਾਂਗੀ ਮੂਲ ਰੂਪ ਤੋਂ ਯੂਪੀ ਦੇ ਬਨਾਰਸ ਦੀ ਰਹਿਣ ਵਾਲੀ ਹੈ।
ਸ਼ਿਵਾਂਗੀ ਗਣਤੰਤਰ ਦਿਵਸ ਪਰੇਡ ਦੀ ਝਾਂਕੀ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਵਾਈ ਸੈਨਾ ਦੀ ਦੂਜੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਸਾਇੰਸ ਗ੍ਰੈਜੂਏਟ ਸ਼ਿਵਾਂਗੀ ਸਿੰਘ ਵੀ ਏਅਰ ਐਨਸੀਸੀ ਦਾ ਹਿੱਸਾ ਰਹਿ ਚੁੱਕੀ ਹੈ। ਉਸਨੇ ਸ਼ੁਰੂ ਵਿੱਚ BHU ਤੋਂ ਉਡਾਣ ਦੀ ਸਿਖਲਾਈ ਲਈ ਸੀ। ਭਾਰਤੀ ਫੌਜ ਵਿੱਚ ਰਹੇ ਆਪਣੇ ਨਾਨਾ ਤੋਂ ਪ੍ਰੇਰਨਾ ਲੈ ਕੇ ਜੋ ਸ਼ਿਵਾਂਗੀ ਨੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ।