Srishti Rescue Operation : ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ ਢਾਈ ਸਾਲ ਦੀ ਬੱਚੀ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ ਹੈ। ਪ੍ਰਸ਼ਾਸਨ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਬੱਚੀ ਨੂੰ ਬਚਾਉਣ ਦਾ ਕੰਮ ਕਰੀਬ 20 ਘੰਟਿਆਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਹਾਲਾਂਕਿ ਸ਼ੁਰੂਆਤ 'ਚ ਜ਼ਿਲਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਲੜਕੀ 20 ਫੁੱਟ ਦੀ ਗਹਿਰਾਈ 'ਚ ਫਸੀ ਹੋਈ ਹੈ।

 

ਦਰਅਸਲ 'ਚ ਮੰਗਲਵਾਰ (6 ਜੂਨ, 2023) ਨੂੰ ਇਹ ਲੜਕੀ ਖੇਤ ਵਿੱਚ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਈ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ। ਇਸ ਬੋਰਵੈੱਲ ਦੀ ਡੂੰਘਾਈ 300 ਫੁੱਟ ਹੈ ਅਤੇ ਬੱਚੀ ਫਿਲਹਾਲ 50 ਫੁੱਟ ਦੀ ਡੂੰਘਾਈ 'ਚ ਫਸੀ ਹੋਈ ਹੈ। ਲੜਕੀ ਨੂੰ ਬਚਾਉਣ ਵਿੱਚ ਲੱਗੇ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਬੱਚੀ ਨੂੰ ਬਚਾਉਣ ਲਈ ਖੁਦਾਈ ਕੀਤੀ ਜਾ ਰਹੀ ਹੈ, ਉਹ ਹੋਰ ਹੇਠਾਂ ਜਾ ਰਹੀ ਹੈ। ਇਸ ਸਮੇਂ ਬੱਚੀ 50 ਫੁੱਟ ਤੋਂ ਹੇਠਾਂ ਜਾ ਚੁੱਕੀ ਹੈ।

 

20 ਘੰਟਿਆਂ ਤੋਂ ਜਾਰੀ ਬਚਾਅ ਕਾਰਜ 

ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ 20 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਪਹਿਲਾਂ ਲੜਕੀ 20 ਫੁੱਟ ਦੀ ਡੂੰਘਾਈ 'ਚ ਫਸ ਗਈ ਸੀ ਅਤੇ ਹੁਣ 50 ਫੁੱਟ ਤੋਂ ਵੀ ਜ਼ਿਆਦਾ ਹੇਠਾਂ ਜਾ ਚੁੱਕੀ ਹੈ। ਬੱਚੀ ਨੂੰ ਕੱਢਣ 'ਚ ਲੱਗੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੱਥਰੀਲੀ ਮਿੱਟੀ ਹੋਣ ਕਾਰਨ ਬਚਾਅ ਕਾਰਜ 'ਚ ਸਮਾਂ ਲੱਗ ਰਿਹਾ ਹੈ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਦੁਪਹਿਰ ਮੁੰਗੋਲੀ ਪਿੰਡ ਵਿੱਚ ਵਾਪਰੀ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹੈ।

ਬੱਚੀ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਆਕਸੀਜਨ  


ਸਿਹੋਰ ਦੇ ਕਲੈਕਟਰ ਆਸ਼ੀਸ਼ ਤਿਵਾਰੀ ਨੇ ਕਿਹਾ, “ਪਥਰੀਲੀ ਜ਼ਮੀਨ ਕਾਰਨ ਬਚਾਅ ਕਾਰਜ ਵਿੱਚ ਸਮਾਂ ਲੱਗ ਰਿਹਾ ਹੈ। ਜਿਵੇਂ-ਜਿਵੇਂ ਅਸੀਂ ਜ਼ਮੀਨ ਪੁੱਟ ਰਹੇ ਹਾਂ, ਬੱਚੀ ਹੇਠਾਂ ਨੂੰ ਜਾ ਰਹੀ ਹੈ। ਫਿਲਹਾਲ ਬੱਚੀ 50 ਫੁੱਟ ਤੋਂ ਜ਼ਿਆਦਾ ਹੇਠਾਂ ਫਸੀ ਹੋਈ ਹੈ। ਉਸ ਨੂੰ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਹੈ। ਅਸੀਂ ਉਸ ਨੂੰ ਜਲਦੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਅਧਿਕਾਰੀਆਂ ਨੂੰ ਬੱਚੇ ਨੂੰ ਸੁਰੱਖਿਅਤ ਬਾਹਰ ਲਿਆਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।


 

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਖੁਦਾਈ ਦੌਰਾਨ ਬੱਚੀ ਹੇਠਾਂ ਖਿਸਕ ਰਹੀ ਹੈ। ਅਸੀਂ ਫੌਜ ਨੂੰ ਬੁਲਾ ਕੇ ਮੌਕੇ 'ਤੇ ਭੇਜ ਦਿਤਾ ਹੈ। NDRF ਅਤੇ SDRF ਪਹਿਲਾਂ ਹੀ ਕੰਮ ਕਰ ਰਹੇ ਹਨ। ਸਾਡੀ ਪੂਰੀ ਕੋਸ਼ਿਸ਼ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ। ਦੁਪਹਿਰ ਦੋ ਵਜੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਨਾਲ ਐਨਡੀਆਰਐਫ ਅਤੇ ਐਸਡੀਆਰਐਫ ਦੀ ਟੀਮ ਬਚਾਅ ਵਿਚ ਜੁੱਟ ਗਈ। ਬੱਚੀ ਨੂੰ ਕੱਢਣ ਲਈ 10 ਤੋਂ ਵੱਧ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ 5 ਫੁੱਟ ਦੀ ਦੂਰੀ 'ਤੇ ਸਮਾਨਾਂਤਰ ਟੋਆ ਪੁਟਿਆ ਜਾ ਰਿਹਾ ਹੈ।