ਨਵੀਂ ਦਿੱਲੀ: ਬੀਜੇਪੀ ਨੂੰ ਅਲਵਿਦਾ ਕਹਿਣ ਵਾਲੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਨੂੰ ਬਾਕੀ ਭਾਰਤ ਵਰਗਾ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਦੇ ਐਨ ਉਲਟ ਸਰਕਾਰ ਨੇ ਭਾਰਤ ਨੂੰ ਕਸ਼ਮੀਰ ਵਰਗਾ ਬਣਾ ਦਿੱਤਾ ਹੈ।


ਯਸ਼ਵੰਤ ਸਿਨਹਾ ਨਾਗਰਕਿਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਵਿੱਚ ਫੈਵੀ ਹਿੰਸਾ ਬਾਰੇ ਬੋਲ ਰਹੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਦਾਅਵਾ ਕਰਦੀ ਸੀ ਕਿ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਉੱਥੇ ਸ਼ਾਂਤੀ ਬਹਾਲ ਕਰੇਗੀ। ਉਹ ਤਾਂ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਦਿਨੋ-ਦਿਨ ਭਾਰਤ ਵਿੱਚ ਵਧ ਰਹੀ ਹਿੰਸਾ ਤੋਂ ਲੱਗਦਾ ਹੈ ਕਿ ਦੇਸ਼ ਦੇ ਹਾਲਾਤ ਕਸ਼ਮੀਰ ਵਰਗੇ ਬਣ ਗਏ ਹਨ।

ਦਰਅਸਲ ਕਰੀਬ ਦੋ ਦਹਾਕੇ ਭਾਜਪਾ ਵਿੱਚ ਰਹਿਣ ਮਗਰੋਂ ਪਾਰਟੀ ਛੱਡਣ ਵਾਲੇ ਸਿਨਹਾ ਨੇ ਸੋਮਵਾਰ ਨੂੰ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਬਾਹਰ ਨਾਗਰਕਿਤਾ ਕਾਨੂੰਨ ਵਿਰੋਧੀ ਪ੍ਰਦਰਸ਼ਨ ਮੌਕੇ ਸੰਬੋਧਨ ਕਰ ਰਹੇ ਸੀ। ਇਸ ਮੌਕੇ ਉਨ੍ਹਾਂ ਮੋਦੀ ਸਰਕਾਰ ਨੂੰ ਖੂਬ ਰਗੜੇ ਲਾਏ।

ਉਨ੍ਹਾਂ ਜੇਐਨਯੂ ’ਤੇ ਹਮਲੇ ਸਬੰਧੀ ਪੁਲਿਸ ’ਤੇ ਬੇਕਸੂਰਾਂ ਦੀ ਬਜਾਏ ਸਮਾਜ ਵਿਰੋਧੀ ਤੱਤਾਂ ਦੀ ਮੱਦਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ‘ਸਰਕਾਰੀ ਗੁੰਡਿਆਂ ਤੇ ਸਰਕਾਰੀ ਪੁਲਿਸ’ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ।