ਨਵੀਂ ਦਿੱਲੀ: ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐਲਐਸਪੀ) ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਨਾਲ ਸਬੰਧ ਤੋੜਨ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਅਤੇ ਗੱਠਜੋੜ ਤੋੜਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਕਈ ਦੋਸ਼ ਵੀ ਮੜ੍ਹੇ। ਕੁਸ਼ਵਾਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ ਸੀ ਕਿ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲੇਗਾ ਅਤੇ ਚੰਗੇ ਦਿਨ ਆਉਣਗੇ, ਪਰ ਅਜਿਹਾ ਹੋਇਆ ਨਹੀਂ।



ਕੁਸ਼ਵਾਹਾ ਨੇ ਸੰਸਦ ਦੇ ਸੈਸ਼ਨ ਸ਼ੁਰੂ ਹੋਣ ਤੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਇੱਕ ਦਿਨ ਪਹਿਲਾਂ ਅਸਤੀਫ਼ਾ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਦੇ ਇਸ ਕਦਮ ਨਾਲ ਸਿਆਸੀ ਸਮੀਕਰਨ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਮਾਜਿਕ ਨਿਆਂ ਦੀ ਗੱਲ ਕੀਤੀ, ਬਹੁਤ ਸਾਰੇ ਭਰੋਸੇ ਦਿੱਤੇ। ਉਨ੍ਹਾਂ ਨੇ ਜਾਤੀ ਮਰਦਮੁਸ਼ਮਾਰੀ ਦੀ ਵੀ ਗੱਲ ਕੀਤੀ ਸੀ ਪਰ ਅੱਜ ਤਕ ਜਾਤੀ ਜਨਗਣਨਾ ਦੀ ਰਿਪੋਰਟ ਨਹੀਂ ਸੀ। ਓਬੀਸੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਬਿਹਾਰ ਵਿੱਚ ਸਿਹਤ ਤੇ ਸਿੱਖਿਆ ਦਾ ਬੁਰਾ ਹਾਲ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ’ਤੇ ਇਲਜ਼ਾਮ ਲਾਇਆ ਕਿ ਉਹ ਗ਼ੈਰ-ਜਮਹੂਰੀ ਤੌਰ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਕੈਬਨਿਟ ਨੂੰ ਰਬੜ ਦੀ ਸਟੈਂਪ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਸਿਰਫ਼ ਪ੍ਰਧਾਨ ਮੰਤਰੀ ਦੇ ਫੈਸਲੇ ’ਤੇ ਹੀ ਮੋਹਰ ਲਾਉਂਦੀ ਹੈ। ਇੱਥੋਂ ਤਕ ਕਿ ਪੀਐਮਓ ਤੇ ਬੀਜੇਪੀ ਪ੍ਰਧਾਨ ਰਿਮੋਟ ਕੰਟਰੋਲ ਨਾਲ ਜਾਂਚ ਏਜੰਸੀਆਂ ਚਲਾ ਰਹੇ ਹਨ। ਸਾਰੇ ਫੈਸਲੇ ਅਮਿਤ ਸ਼ਾਹ ਤੇ ਪੀਐਮਓ ਵੱਲੋਂ ਲਏ ਜਾ ਰਹੇ ਹਨ ਤੇ ਸਰਕਾਰ ਆਰਐਸਐਸ ਦੀ ਏਜੰਡਾ ਚਲਾ ਰਹੀ ਹੈ।