Road accident: ਹਰਿਆਣਾ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੋਨੀਪਤ ਦੇ ਖਰਖੌਦਾ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 50 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਖਰਖੌਦਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ। 


ਹਾਦਸੇ ਸਮੇਂ ਦੋਵੇਂ ਪ੍ਰਾਈਵੇਟ ਬੱਸਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਸਨ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਥਾਣਾ ਖਰਖੋਦਾ ਦੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਕੁਝ ਲੋਕਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਉਨ੍ਹਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਖਰਖੌਦਾ ਦੇ ਪਿੰਡ ਬਰੋਨਾ ਨੇੜੇ ਵਾਪਰਿਆ। 



ਦੋਵੇਂ ਪ੍ਰਾਈਵੇਟ ਬੱਸਾਂ ਖਰਖਦਾ-ਬਹਾਦੁਰਗੜ੍ਹ ਮਾਰਗ ਉਤੇ ਆਪਣੀ ਮੰਜ਼ਿਲ ਵੱਲ ਜਾ ਰਹੀਆਂ ਸਨ। ਇਸ ਦੌਰਾਨ ਸ਼ਾਮ 4.15 ਵਜੇ ਦੇ ਕਰੀਬ ਖੁਰਮਪੁਰ ਮੋੜ ਤੋਂ ਕੁਝ ਦੂਰੀ ‘ਤੇ ਬੱਸਾਂ ਦੀ ਆਪਸ ‘ਚ ਟੱਕਰ ਹੋ ਗਈ। ਬੱਸ ਸਵਾਰਾਂ ਨੇ ਦੱਸਿਆ ਕਿ ਬਹਾਦਰਗੜ੍ਹ ਤੋਂ ਖਰਖੋਦਾ ਵੱਲ ਆ ਰਹੀ ਬੱਸ ਨੇ ਆਪਣਾ ਸੰਤੁਲਨ ਗੁਆ ​​ਦਿੱਤਾ ਅਤੇ ਉਲਟ ਦਿਸ਼ਾ ਵਿੱਚ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਰੀਬ 50 ਲੋਕ ਜ਼ਖਮੀ ਹੋਏ ਹਨ।


ਇਹ ਵੀ ਪੜ੍ਹੋ: ਕਿਸਾਨਾਂ ਨੂੰ ਆਪਣੇ ਖਰਚੇ ਉਤੇ ਵਿਦੇਸ਼ ਭੇਜੇਗੀ ਸਰਕਾਰ, 25 ਸਤੰਬਰ ਤੱਕ ਮੰਗੀਆਂ ਅਰਜ਼ੀਆਂ


ਸੂਚਨਾ ਮਿਲਣ ‘ਤੇ ਐੱਸਡੀਐੱਮ ਸ਼ਵੇਤਾ ਸੁਹਾਗ ਖਰਖੋਦਾ ਹਸਪਤਾਲ ਪਹੁੰਚੀ ਅਤੇ ਜਿੱਥੇ ਉਨ੍ਹਾਂ ਨੇ ਡਾਕਟਰਾਂ ਤੋਂ ਹਾਦਸੇ ‘ਚ ਜ਼ਖਮੀ ਹੋਏ ਮਰੀਜ਼ਾਂ ਦੀ ਹਾਲਤ ਬਾਰੇ ਜਾਣਕਾਰੀ ਲਈ। ਸਾਰਿਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਕੁਝ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। 



ਏਸੀਪੀ ਜੀਤ ਸਿੰਘ ਬੈਨੀਵਾਲ ਨੇ ਦੱਸਿਆ ਕਿ 5 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਹੋ ਸਕੇ। ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਕਿ ਹਾਦਸਾ ਕਿਵੇਂ ਵਾਪਰਿਆ।