ਨਵੀਂ ਦਿੱਲੀ: ਨਵੀਂ ਦਿੱਲੀ ਸਥਿਤ ਰੋਹਿੰਗਿਆ ਕੈਂਪ ’ਚ ਪੁਲਿਸ ਤੇ ਸ਼ਹਿਰੀ ਪ੍ਰਸ਼ਾਸਨ ਨੇ ਇੱਕ ਆਰਜ਼ੀ ਮਸਜਿਦ ਨੂੰ ਢਾਹ ਦਿੱਤਾ ਹੈ। ਦਰਅਸਲ, ਕੁਝ ਹਫ਼ਤੇ ਪਹਿਲਾਂ ਇਸ ਮਸਜਿਦ ਨੂੰ ਅੱਗ ਲੱਗ ਗਈ ਸੀ। ਇਸ ਅਸਥਾਈ ਮਸਜਿਦ ਨੂੰ ਤ੍ਰਿਪਾਲ ਦੀਆਂ ਸ਼ੀਟਾਂ ਤੇ ਬਾਂਸਾਂ ਨਾਲ ਬਣਾਇਆ ਗਿਆ ਸੀ ਪਰ ਕੱਲ੍ਹ ਵੀਰਵਾਰ ਨੂੰ ਦੁਪਹਿਰ 1:30 ਵਜੇ ਨਵੀਂ ਦਿੱਲੀ ਦੇ ਮਦਨਪੁਰ ਖਾਦਰ ਇਲਾਕੇ ’ਚ ਸਥਿਤ ਇਸ ਕੈਂਪ ਦੀ ਇਸ ਮਸਜਿਦ ਨੂੰ ਢਾਹ ਦਿੱਤਾ ਗਿਆ। ਇਹ ਇਲਾਕਾ ਉੱਤਰ ਪ੍ਰਦੇਸ਼ ਸੂਬੇ ਦੇ ਨਾਲ ਲੱਗਦਾ ਹੈ।
ਦੱਸ ਦੇਈਏ ਕਿ ਇਸ ਕੈਂਪ ਵਿੱਚ 300 ਦੇ ਲਗਪਗ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ, ਜ਼ਿਨ੍ਹਾਂ ਨੇ ਗੁਆਂਢੀ ਦੇਸ਼ ਮਿਆਂਮਾਰ ਦੀ ਫ਼ੌਜੀ ਹਕੂਮਤ ਦੇ ਕਥਿਤ ਤਸ਼ੱਦਦ ਤੋਂ ਡਰਦੇ ਮਾਰੇ ਭਾਰਤ ’ਚ ਆ ਕੇ ਪਨਾਹ ਲਈ ਹੈ। ਹੁਣ ਇਨ੍ਹਾਂ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਉਹ ਹੁਣ ਬਿਨਾ ਮਸਜਿਦ ਦੇ ਨਮਾਜ਼ ਕਿੱਥੇ ਪੜ੍ਹਨਗੇ।
‘ਅਲ ਜਜ਼ੀਰਾ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਸ਼ਰਨਾਰਥੀਆਂ ਦਾ ਦੋਸ਼ ਹੈ ਕਿ ਸ਼ਹਿਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 10 ਮਿੰਟਾਂ ਦੇ ਅੰਦਰ ਹੀ ਕੈਂਪ ਅੰਦਰ ਬਣੇ ਪਖਾਨੇ, ਗੁਸਲਖਾਨੇ, ਇੱਕ ਹੈਂਡ ਪੰਪ ਤੇ ਮਸਜਿਦ ਸਭ ਨੂੰ ਢਹਿ-ਢੇਰੀ ਕਰ ਦਿੱਤਾ।
ਉੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਗ਼ੈਰ ਕਾਨੂੰਨੀ ਪ੍ਰਵਾਸੀ ਹਨ, ਜੋ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰੀ ਬੈਠੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਮਸਜਿਦ ਨਹੀਂ, ਸਗੋਂ ਇੱਕ ਆਰਜ਼ੀ ਝੁੱਗੀ ਸੀ। ਇਲਾਕੇ ਦੇ ਐੱਸਡੀਐੱਮ ਪ੍ਰਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮਸਜਿਦ ਦੇ ਢਾਹੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪਿਛਲੇ ਮਹੀਨੇ 13 ਜੂਨ ਨੂੰ 50 ਰੋਹਿੰਗਿਆ ਪਰਿਵਾਰਾਂ ਵਾਲੇ ਇਸ ਕੈਂਪ ਵਿੱਚ ਆਰਜ਼ੀ ਮਸਜਿਦ ਨੂੰ ਅਚਾਨਕ ਅੱਗ ਲੱਗ ਗਈ ਸੀ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਇਸ ਵੇਲੇ 40,000 ਦੇ ਲਗਪਗ ਰੋਹਿੰਗਿਆ ਸ਼ਰਨਾਰਥੀ ਜੰਮੂ, ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਤੇ ਹਰਿਆਣਾ ਦੇ ਨੂਹ ਵਿਖੇ ਰਹਿ ਰਹੇ ਹਨ।