ਰੋਹਤਕ: ਜ਼ਿਲੇ 'ਚ ਖਰਾਵੜ ਪਿੰਡ ਦੇ ਕੋਲ ਸਥਿਤ ਆਈਐਮਟੀ ਖੇਤਰ 'ਚ ਅੱਜ ਸਵੇਰੇ ਅਚਾਨਕ ਇਕ ਬਲਾਸਟ ਹੋਇਆ। ਜਿਸ 'ਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਰੋਹਤਕ ਪੀਜੀਆਈ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੇ ਏਡੀਜੀਪੀ ਸੰਦੀਪ ਖਿਰਵਾਰ ਤੇ ਐਸਪੀ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰੀ ਜਾਂਚ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਮੌਕੇ ਤੋਂ ਕੁਝ ਸ਼ੱਕੀ ਸਮਾਨ ਵੀ ਬਰਾਮਦ ਹੋਇਆ ਹੈ।


ਖਰਾਵੜ ਪਿੰਡ ਦਾ ਰਹਿਣ ਵਾਲਾ ਰਾਜਕੁਮਾਰ ਆਪਣੇ ਸਾਥੀਆਂ ਨਾਲ ਹਰ ਰੋਜ਼ ਸਵੇਰੇ ਸੈਰ ਲਈ ਆਈਐਮਟੀ ਖੇਤਰ 'ਚ ਜਾਂਦਾ ਸੀ। ਅੱਜ ਸਵੇਰੇ ਵੀ ਆਪਣੇ ਸਾਥੀਆਂ ਦੇ ਨਾਲ ਉਹ ਘੁੰਮਣ ਲਈ ਪਹੁੰਚਿਆ ਤੇ ਉੱਥੇ ਲੱਗੇ ਪਾਣੀ ਦੇ ਨਲਕੇ ਤੋਂ ਜਿਵੇਂ ਹੀ ਪਾਣੀ ਲੈਣ ਜਾ ਰਿਹਾ ਸੀ ਤਾਂ ਉਸ ਦੌਰਾਨ ਉਸ ਨੂੰ ਇਕ ਸਫੇਦ ਰੰਗ ਦਾ ਪੌਲਿਥੀਨ ਰੱਖਿਆ ਦਿਖਾਈ ਦਿੱਤਾ। ਉਸ ਨੇ ਜਿਵੇਂ ਹੀ ਪੌਲਿਥੀਨ ਚੁੱਕਿਆ ਉਸ 'ਚ ਬਲਾਸਟ ਹੋ ਗਿਆ।


ਬਲਾਸਟ ਮਗਰੋਂ ਖਰਾਵੜ ਪਿੰਡ ਦਾ ਰਹਿਣ ਵਾਲਾ ਰਾਜਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਬਲਾਸਟ ਏਨਾ ਜ਼ਬਰਦਸਤ ਦੱਸਿਆ ਜਾ ਰਿਹਾ ਕਿ ਜਿਵੇਂ ਟ੍ਰੱਕ ਦੇ ਟਾਇਰ ਫਟ ਗਏ ਹੋਣ। ਇਸ ਘਟਨਾ 'ਚ ਰਾਜਕੁਮਾਰ ਦੇ ਗੱਲ ਦਾ ਮਾਸ ਨਿੱਕਲ ਗਿਆ ਤੇ ਉਸ ਦੇ ਹੱਥ ਦੀਆਂ ਦੋ ਉਂਗਲੀਆਂ ਤੇ ਇਕ ਅੰਗੂਠਾ ਵੀ ਹੱਥ ਨਾਲੋਂ ਵੱਖ ਹੋ ਗਏ। ਉਸਨੂੰ ਗੰਭੀਰ ਹਾਲਤ 'ਚ ਰੋਹਤਕ ਪੀਜੀਆਈ ਲਿਆਂਦਾ ਗਿਆ।


ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ 'ਤੇ ਬੰਬ ਨਿਰੋਧਕ ਦਸਤਾ ਵੀ ਬੁਲਾਇਆ ਗਿਆ। ਐਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਮੌਕੇ ਤੋਂ ਤਾਰ ਤੇ ਸੈਲ ਜਿਹੀ ਸ਼ੱਕੀ ਚੀਜ਼ ਮਿਲੀ ਹੈ। ਉੱਥੇ ਹੀ ਕੇਂਦਰੀ ਜਾਂਚ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਮੌਕੇ ਤੋਂ ਬਰਾਮਦ ਕੀਤੇ ਸਮਾਨ ਨੂੰ ਐਫਐਸਐਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਇਸ ਬਲਾਸਟ ਦੇ ਹੋਣ ਦੀ ਵਜ੍ਹਾ ਕੀ ਹੈ ਤੇ ਕੀ ਇਹ ਦੇਸ਼ ਵਿਰੋਧੀ ਤਾਕਤਾਂ ਦਾ ਕੰਮ ਤਾਂ ਨਹੀਂ ਹੈ। ਫਿਲਹਾਲ ਜਾਂਚ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।