ਰੋਹਤਕ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਈ ਹੈਵਾਨੀਅਤ ਤੋਂ ਹਾਲੇ ਦੇਸ਼ ਉੱਭਰ ਨਹੀਂ ਪਾਇਆ ਕਿ ਹਰਿਆਣਾ ਦੇ ਰੋਹਤਕ ‘ਚ ਵੀ ਸ਼ਰਮਨਾਕ ਘਟਨਾ ਵਾਪਰੀ ਹੈ। ਇੱਥੇ ਪਿਤਾ ਨੇ ਆਪਣੀ 9 ਸਾਲਾਂ ਦੀ ਮਾਸੂਮ ਧੀ ਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਹਸਪਤਾਲ ਵਿੱਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਰੋਹਤਕ ਪੁਲਿਸ ਨੇ ਬੱਚੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਪਿਤਾ ਖਿਲਾਫ ਕੇਸ ਦਰਜ ਕਰ ਲਿਆ ਹੈ। ਫਰਾਰ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ।


ਮਾਮਲਾ ਰੋਹਤਕ ਸ਼ਹਿਰ ਦੀ ਇੱਕ ਕਲੋਨੀ ਦਾ ਹੈ, ਜਿੱਥੇ ਬਿਹਾਰ ਦਾ ਇੱਕ ਪਰਿਵਾਰ ਕਿਰਾਏ ‘ਤੇ ਰਹਿ ਰਿਹਾ ਸੀ। ਪਤੀ-ਪਤਨੀ ਵਿੱਚ ਅਕਸਰ ਮਤਭੇਦ ਰਹਿੰਦੇ ਸੀ ਜਿਸ ਕਰਕੇ ਉਹ ਦੋਵੇਂ ਜਣੇ ਵੱਖੋ-ਵੱਖ ਰਹਿੰਦੇ ਸੀ। ਅੱਜ ਮਹਿਲਾ ਥਾਣੇ ਪਹੁੰਚੀ ਤੇ ਦੱਸਿਆ ਕਿ ਉਸ ਦੇ ਪਤੀ ਨੇ 9 ਸਾਲਾਂ ਦੀ ਆਪਣੀ ਹੀ ਧੀ ਨਾਲ ਬਲਾਤਕਾਰ ਕੀਤਾ ਜਿਸ ਦੇ ਚੱਲਦੇ ਉਸ ਦੀ ਹਾਲਤ ਖਰਾਬ ਹੋ ਗਈ।


ਮਾਸੂਮ ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰੋਹਤਕ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਪੀਜੀਆਈ ਭੇਜ ਦਿੱਤਾ। ਪੁਲਿਸ ਨੇ ਪਿਤਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਖਿਲਾਫ ਪੋਕਸੋ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮੁਲਜ਼ਮ ਪਿਤਾ ਹਾਲੇ ਫਰਾਰ ਹੈ, ਉਸਦੀ ਭਾਲ ਕੀਤੀ ਜਾ ਰਹੀ ਹੈ।