ਧਾਰਵਾੜ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੇ ਆਪਣੀ ਭਵਿੱਖੀ ਰਣਨੀਤੀ ਬਾਰੇ ਖੁਲਾਸਾ ਕੀਤਾ ਹੈ। ਸੰਘ 2024 ਤੱਕ ਪੂਰੇ ਦੇਸ਼ ਅੰਦਰ ਆਪਣੀ ਪਕੜ ਮਜਬੂਤ ਕਰਨ ਜਾ ਰਿਹਾ ਹੈ। ਇਸ ਲਈ ਆਰਐਸਐਸ ਤੇਜ਼ੀ ਨਾਲ ਕੰਮ ਕਰ ਰਿਹਾ ਹੈ।


ਆਰਐਸਐਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਲੇ ਨੇ ਦੱਸਿਆ ਕਿ ਸੰਘ ਨੇ ਆਪਣੀਆਂ ਗਤੀਵਿਧੀਆਂ ਦੇ ਵਿਸਤਾਰ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ 6483 ਬਲਾਕਾਂ ਵਿੱਚੋਂ ਉਨ੍ਹਾਂ ਦੀ ਮੌਜੂਦਗੀ 4683 ਬਲਾਕਾਂ ਵਿੱਚ ਹੈ। ਉਹ ਮਾਰਚ 2024 ਤੱਕ ਭਾਰਤ ਦੇ ਸਾਰੇ ਬਲਾਕਾਂ ਵਿਚ ਪਹੁੰਚਣ ਦੀ ਤਿਆਰੀ ਕਰ ਰਹੇ ਹਨ।


ਆਰਐਸਐਸ ਲੀਡਰ ਨੇ ਕਿਹਾ ਕਿ ਸੰਘ ਦੀਆਂ ਗਤੀਵਿਧੀਆਂ ਮਿਜ਼ੋਰਮ, ਨਾਗਾਲੈਂਡ, ਕਸ਼ਮੀਰ ਤੇ ਲਕਸ਼ਦੀਪ ਵਿੱਚ ਨਹੀਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸੰਘ ਦੀਆਂ ਸ਼ਾਖਾਵਾਂ ਕਸ਼ਮੀਰ ਵਿੱਚ ਸਨ ਪਰ ਉੱਥੋਂ ਹਿੰਦੂਆਂ ਦੇ ਪਰਵਾਸ ਮਗਰੋਂ ਇਨ੍ਹਾਂ ਉੱਤੇ ਅਸਰ ਪਿਆ ਸੀ।


ਹੋਸਬਲੇ ਨੇ ਦੱਸਿਆ ਕਿ ਸ਼ਾਖਾ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 34 ਹਜ਼ਾਰ ਥਾਵਾਂ ਉਤੇ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਘ ਨੌਵੇਂ ਸਿੱਖ ਗੁਰੂ ਤੇਗ਼ ਬਹਾਦਰ ਨੂੰ ਸ਼ਰਧਾਂਜਲੀਆਂ ਦੇਣ ਲਈ ਕਈ ਸਮਾਗਮਾਂ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਰੁਜ਼ਗਾਰ ਉਤਪਤੀ ਤੇ ਕੌਸ਼ਲ ਵਿਕਾਸ ਉਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।


ਇਸ ਦੇ ਨਾਲ ਹੀ ਆਰਐਸਐਸ ਨੇ ਕਿਹਾ ਕਿ ਧਰਮ ਬਦਲੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਜਿਹੜੇ ਆਪਣਾ ਧਰਮ ਬਦਲਦੇ ਹਨ, ਉਨ੍ਹਾਂ ਨੂੰ ਇਸ ਬਾਰੇ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ। ਸੰਘ ਨੇ ਕਿਹਾ ਕਿ ਜੇ ਧਰਮ ਬਦਲੀ ਖ਼ਿਲਾਫ਼ ਕੋਈ ਕਾਨੂੰਨ ਪਾਸ ਹੁੰਦਾ ਹੈ ਤਾਂ ਉਹ ਸਵਾਗਤ ਕਰਨਗੇ।


ਸੰਘ ਦੇ ਅਹੁਦੇਦਾਰਾਂ ਨੇ ਕਿਹਾ ਕਿ ਧਰਮ ਬਦਲਣ ਦੀ ਪੂਰੀ ਆਜ਼ਾਦੀ ਹੈ, ‘ਪਰ ਅੱਜਕੱਲ੍ਹ ਜੋ ਹੋ ਰਿਹਾ ਹੈ ਉਹ ਠੀਕ ਨਹੀਂ, ਕਿਸੇ ਵੀ ਢੰਗ ਨਾਲ ਆਪਣੀ ਗਿਣਤੀ ਵਧਾਉਣੀ, ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਕਿਹਾ ਕਿ ਕਰੀਬ ਦਸ ਰਾਜ ਅਜਿਹੇ ਬਿੱਲ ਪਾਸ ਕਰ ਚੁੱਕੇ ਹਨ ਤੇ ਕਾਂਗਰਸ ਦੀ ਸਰਕਾਰ ਵਾਲੇ ਸੂਬਿਆਂ ਨੇ ਵੀ ਕੀਤੇ ਹਨ।