ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਘੋਲਤੀਰ ਖੇਤਰ 'ਚ ਯਾਤਰੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਅਲਕਨੰਦਾ ਨਦੀ 'ਚ ਡਿੱਗ ਗਈ। ਹਾਦਸੇ ਦੌਰਾਨ ਬੱਸ ਵਿਚੋਂ ਲਗਭਗ 4-5 ਲੋਕ ਝਟਕਾ ਲੱਗਣ ਕਰਕੇ ਬਾਹਰ ਡਿੱਗ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜ-ਤਫੜ ਦਾ ਮਾਹੌਲ ਬਣ ਗਿਆ। ਇਸ ਬੱਸ ਵਿੱਚ ਕਰੀਬ 18-20 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 8 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਰੈਸਕਿਊ ਟੀਮ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ, ਇਹ ਹਾਦਸਾ ਬਦਰੀਨਾਥ ਹਾਈਵੇਅ 'ਤੇ ਵਾਪਰਿਆ, ਜਿੱਥੇ ਘੋਲਤੀਰ ਨੇੜੇ ਬੱਸ ਬੇਕਾਬੂ ਹੋ ਕੇ ਅਲਕਨੰਦਾ ਨਦੀ 'ਚ ਜਾ ਡਿੱਗੀ। ਹਾਦਸੇ ਸਮੇਂ ਬੱਸ 'ਚ ਯਾਤਰੀ ਵੀ ਸਵਾਰ ਸਨ। ਬੱਸ ਪਹਾੜ ਤੋਂ ਲੜ੍ਹਕਦੀ ਹੋਈ ਸਿੱਧੀ ਅਲਕਨੰਦਾ ਨਦੀ 'ਚ ਸਮਾ ਗਈ। ਪਹਾੜਾਂ 'ਤੇ ਮਾੜੇ ਮੌਸਮ ਅਤੇ ਮੀਂਹ ਕਾਰਨ ਨਦੀ ਦਾ ਵਹਾਅ ਬਹੁਤ ਤੇਜ਼ ਸੀ। ਹਾਦਸੇ ਦੌਰਾਨ ਲਗਭਗ ਚਾਰ-ਪੰਜ ਲੋਕ ਬੱਸ ਤੋਂ ਬਾਹਰ ਡਿੱਗ ਗਏ, ਜੋ ਪਹਾੜੀਆਂ 'ਤੇ ਅਟਕ ਗਏ ਹਨ। ਇਨ੍ਹਾਂ ਲੋਕਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਡੀ.ਆਰ.ਐਫ. ਦੀ ਟੀਮ ਰੈਸਕਿਊ ਓਪਰੇਸ਼ਨ ਲਈ ਮੌਕੇ 'ਤੇ ਪਹੁੰਚ ਗਈ। ਸੁਰੱਖਿਆ ਏਜੰਸੀਆਂ ਵੀ ਮੌਕੇ 'ਤੇ ਮੌਜੂਦ ਹਨ। ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ 8 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਨਦੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਰੈਸਕਿਊ ਓਪਰੇਸ਼ਨ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਹਾਦਸੇ ਵਾਲੀ ਥਾਂ 'ਤੇ ਭਾਰੀ ਗਿਣਤੀ ਵਿੱਚ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਹੈ।
ਮੀਂਹ ਕਾਰਨ ਅਲਕਨੰਦਾ ਨਦੀ 'ਚ ਪਾਣੀ ਦਾ ਵਹਾਅ ਕਾਫੀ ਤੇਜ਼ ਸੀ, ਜਿਸ ਕਾਰਨ ਯਾਤਰੀਆਂ ਦੇ ਨਦੀ 'ਚ ਵਹਿ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਇਸ ਬੱਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਉੱਤਰਾਖੰਡ ਪੁਲੀਸ ਮੁੱਖਾਲੇ ਦੇ ਪ੍ਰਵਕਤਾ ਆਈ.ਜੀ. ਨੀਲੇਸ਼ ਆਨੰਦ ਭਰਣੇ ਨੇ ਕਿਹਾ, "ਰੁਦਰਪ੍ਰਯਾਗ ਜ਼ਿਲ੍ਹੇ ਦੇ ਘੋਲਤੀਰ ਖੇਤਰ 'ਚ ਇੱਕ ਬੱਸ ਬੇਕਾਬੂ ਹੋ ਕੇ ਅਲਕਨੰਦਾ ਨਦੀ 'ਚ ਡਿੱਗ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੱਸ 'ਚ 18 ਯਾਤਰੀ ਸਵਾਰ ਸਨ। ਰੈਸਕਿਊ ਓਪਰੇਸ਼ਨ ਜਾਰੀ ਹੈ।"