Russia Ukraine War: ਰੂਸ ਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਅੱਜ ਛੇਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' ਲਗਾਤਾਰ ਚਲਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਏਅਰ ਇੰਡੀਆ ਦੀ 7ਵੀਂ ਫਲਾਈਟ 182 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ।





ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਜਹਾਜ਼ IX1202 ਮੁੰਬਈ ਹਵਾਈ ਅੱਡੇ 'ਤੇ ਪਹੁੰਚਿਆ ਜਿੱਥੇ ਇਨ੍ਹਾਂ ਭਾਰਤੀ ਨਾਗਰਿਕਾਂ ਦਾ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਸਵਾਗਤ ਕੀਤਾ। ਦੱਸ ਦੇਈਏ ਕਿ ਬੀਤੇ ਦਿਨ ਬੁਡਾਪੇਸਟ ਤੋਂ ਛੇਵੀਂ ਫਲਾਈਟ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਸੀ ਜਿਸ ਦੀ ਜਾਣਕਾਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ। ਉਨ੍ਹਾਂ ਟਵੀਟ ਕੀਤਾ, "ਬੁਡਾਪੇਸਟ ਤੋਂ ਛੇਵੀਂ ਫਲਾਈਟ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹੁੰਚੀ ਜਿਸ ਦੀ ਜਾਣਕਾਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ।







ਸਰਕਾਰ ਦੇ ਇਸ ਆਪ੍ਰੇਸ਼ਨ ਤਹਿਤ ਹੁਣ ਤੱਕ 1100 ਤੋਂ ਵੱਧ ਭਾਰਤੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਸਰਕਾਰ ਨੇ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਮੰਤਰੀਆਂ ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਵੀਕੇ ਸਿੰਘ ਤੇ ਹਰਦੀਪ ਸਿੰਘ ਪੁਰੀ ਨੂੰ ਭਾਰਤੀਆਂ ਦੀ ਮਦਦ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਤੇ ਮੋਲਡੋਵਾ ਜਾਣਗੇ, ਕਿਰਨ ਰਿਜਿਜੂ ਸਲੋਵਾਕੀਆ ਜਾਣਗੇ, ਹਰਦੀਪ ਸਿੰਘ ਪੁਰੀ ਹੰਗਰੀ ਜਾਣਗੇ ਅਤੇ ਜਨਰਲ (ਆਰ) ਵੀਕੇ ਸਿੰਘ ਪੋਲੈਂਡ ਜਾਣਗੇ।