Russia-Ukraine War:  India, China abstain on UNSC resolution against Russia


India in UNSC on Ukraine: ਯੂਕਰੇਨ ਵਿਚ ਰੂਸ ਵਲੋਂ ਕੀਤੇ ਗਏ ਹਮਲੇ ਦੀ ਨਿੰਦਾ ਕਰਨ ਵਾਲੇ ਮਤੇ 'ਤੇ ਵੋਟ ਪਾਉਣ ਲਈ ਦੇਰ ਰਾਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਐਮਰਜੈਂਸੀ ਸੈਸ਼ਨ ਬੁਲਾਇਆ ਗਿਆ। ਇਸ ਸੈਸ਼ਨ ਵਿਚ ਭਾਰਤ ਅਤੇ ਚੀਨ ਨੇ ਯੂਕਰੇਨ 'ਤੇ ਹਮਲੇ ਦੀ ਨਿੰਦਾ ਕਰਦੇ ਹੋਏ ਵੋਟਿੰਗ ਤੋਂ ਪਰਹੇਜ਼ ਕੀਤਾ। ਦੱਸ ਦਈਏ ਕਿ ਸੈਸ਼ਨ 'ਚ ਮੱਤੇ ਦੇ ਪੱਖ '11 ਅਤੇ ਵਿਰੋਧ '1 ਵੋਟ ਪਿਆ।






ਅਮਰੀਕਾ ਨੇ ਕੀਤੀ ਪੁਤਿਨ 'ਤੇ ਪਾਬੰਦੀ ਲਗਾਉਣ ਦੀ ਗੱਲ


ਬੈਠਕ 'ਚ ਬਹਿਸ ਦੌਰਾਨ ਅਮਰੀਕਾ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ, ਜਦਕਿ ਬ੍ਰਿਟੇਨ ਨੇ ਦੋਸ਼ ਲਗਾਇਆ ਕਿ ਰੂਸੀ ਟੈਂਕ ਆਮ ਲੋਕਾਂ ਨੂੰ ਕੁਚਲ ਰਹੇ ਹਨ, ਪਰ ਭਾਰਤ ਨੇ ਬਹੁਤ ਸੰਤੁਲਿਤ ਸਟੈਂਡ ਲੈਂਦਿਆਂ ਸਾਰੇ ਵਿਵਾਦਿਤ ਮੁੱਦਿਆਂ ਨੂੰ ਵਿਚਾਰ ਕੇ ਹੱਲ ਕਰਨ 'ਤੇ ਜ਼ੋਰ ਦਿੱਤਾ। ਭਾਰਤ ਨੇ ਕਿਹਾ ਕਿ ਇਹ ਅਫਸੋਸ ਹੈ ਕਿ ਕੂਟਨੀਤੀ ਦਾ ਰਸਤਾ ਛੱਡਿਆ ਗਿਆ, ਸਾਨੂੰ ਇਸ 'ਤੇ ਵਾਪਸ ਪਰਤਣਾ ਹੋਵੇਗਾ। ਇਨ੍ਹਾਂ ਸਾਰੇ ਕਾਰਨਾਂ ਕਰਕੇ, ਭਾਰਤ ਨੇ ਇਸ ਪ੍ਰਸਤਾਵ ਤੋਂ ਪਰਹੇਜ਼ ਕਰਨ ਦਾ ਰਾਹ ਚੁਣਿਆ।


ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ ਇੱਕ ਵਿਕਲਪ - ਭਾਰਤ


ਯੂਕਰੇਨ 'ਤੇ ਯੂਐਨਐਸਸੀ ਦੀ ਬੈਠਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ, ''ਸਾਰੇ ਮੈਂਬਰ ਦੇਸ਼ਾਂ ਨੂੰ ਉਸਾਰੂ ਢੰਗ ਨਾਲ ਅੱਗੇ ਵਧਣ ਲਈ ਸਿਧਾਂਤਾਂ ਦਾ ਸਨਮਾਨ ਕਰਨ ਦੀ ਲੋੜ ਹੈ। ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ ਇੱਕ ਰਾਹ ਹੈ, ਬੇਸ਼ੱਕ ਇਸ ਸਮੇਂ ਇਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ।


ਟੀ.ਐਸ ਤਿਰੁਮੂਰਤੀ ਨੇ ਕਿਹਾ, ''ਯੂਕਰੇਨ 'ਚ ਹਾਲ ਹੀ ਦੇ ਘਟਨਾਕ੍ਰਮ ਤੋਂ ਭਾਰਤ ਬਹੁਤ ਪ੍ਰੇਸ਼ਾਨ ਹੈ। ਅਸੀਂ ਅਪੀਲ ਕਰਦੇ ਹਾਂ ਕਿ ਹਿੰਸਾ ਅਤੇ ਦੁਸ਼ਮਣੀ ਨੂੰ ਤੁਰੰਤ ਖ਼ਤਮ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਗਿਆ।"


ਰੂਸ ਦਾ ਹਮਲਾ ਬੇਰਹਿਮੀ ਅਤੇ ਬੇਸ਼ਰਮੀ ਭਰਿਆ - ਅਮਰੀਕਾ


ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਕਿ ਸਾਡੇ ਬੁਨਿਆਦੀ ਸਿਧਾਂਤਾਂ 'ਤੇ ਰੂਸ ਦਾ ਹਮਲਾ ਬੇਰਹਿਮੀ ਅਤੇ ਬੇਸ਼ਰਮੀ ਵਾਲਾ ਹੈ, ਇਹ ਸਾਡੀ ਅੰਤਰਰਾਸ਼ਟਰੀ ਪ੍ਰਣਾਲੀ ਲਈ ਖ਼ਤਰਾ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਸੀਂ ਭਾਰਤ ਅਤੇ ASEAN (ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼) ਦੇ ਮੈਂਬਰ ਦੇਸ਼ਾਂ ਨਾਲ ਸੰਪਰਕ ਜਾਰੀ ਰੱਖਾਂਗੇ।


ਇਹ ਵੀ ਪੜ੍ਹੋ: ਯੂਕਰੇਨ 'ਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਰਸਿਮਰਤ ਨੇ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ, ਆਸ਼ੂ ਨੇ ਵੀ ਕੇਂਦਰ ਤੋਂ ਲਗਾਈ ਗੁਹਾਰ