ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਵਿਚਾਲੇ ਕੋਈ ਫੁੱਟ ਨਹੀਂ ਪਈ। ਮੀਡੀਆ ਦਾ ਕੁਝ ਹਿੱਸਾ ਗਲਤ ਖਬਰਾਂ ਫੈਲਾ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਬੀਤੇ ਦਿਨੀਂ ਕੁਝ ਟੀਵੀ ਚੈਨਲਾਂ ਨੇ ਮੋਰਚੇ ਵਿੱਚ ਫੁੱਟ ਪੈਣ ਦਾ ਝੂਠਾ ਪ੍ਰਚਾਰ ਕੀਤਾ ਸੀ।
ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਮੋਰਚੇ ਦੇ ਲੀਡਰ ਪੂਰੀ ਤਰ੍ਹਾਂ ਨਾਲ ਇਕ-ਮੁੱਠ ਹਨ। ਉਨ੍ਹਾਂ ਅਜਿਹਾ ਪ੍ਰਚਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ। ਦੱਸ ਦਈਏ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਮਗਰੋਂ ਕੁਝ ਕਿਸਾਨ ਲੀਡਰਾਂ ਦੇ ਵੱਖੋ-ਵੱਖ ਬਿਆਨ ਆਏ ਸੀ। ਇਸ ਬਾਰੇ ਦਾਅਵੇ ਕੀਤੇ ਜਾ ਰਹੇ ਸੀ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਫੁੱਟ ਪੈ ਗਈ ਹੈ।
ਉਧਰ, ਦਿੱਲੀ ਦੀਆਂ ਹੱਦਾਂ ਉੱਪਰ ਮੁੜ ਕਿਸਾਨ ਡਟਣੇ ਸ਼ੁਰੂ ਹੋ ਗਏ ਹਨ। ਮੌਸਮ ਦੀ ਖਰਾਬੀ ਤੇ ਫਸਲਾਂ ਸੰਭਾਲਣ ਲਈ ਕਿਸਾਨ ਆਪਣੇ ਘਰਾਂ ਨੂੰ ਪਰਤੇ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿੱਚੋਂ ਵੱਡੀ ਗਿਣਤੀ ਕਿਸਾਨ ਦਿੱਲੀ ਪਹੁੰਚ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ਉਪਰ ਪੁੱਜ ਰਹੇ ਹਨ। ਬੁੱਧਵਾਰ ਨੂੰ ਕਿਸਾਨ ਬਚਾਓ ਮੋਰਚਾ ਦੇ ਲੀਡਰ ਕਿਰਪਾ ਸਿੰਘ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਤੇ ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਫੁਰਮਾਨ ਸਿੰਘ ਦੀ ਅਗਵਾਈ ਹੇਠ ਸਿੰਘੂ ਬਾਰਡਰ ’ਤੇ ਪੁੱਜੇ ਇਨ੍ਹਾਂ ਕਾਫ਼ਲਿਆਂ ਦਾ ਸਨਮਾਨ ਮੋਰਚੇ ਵੱਲੋਂ ਬਲਬੀਰ ਸਿੰਘ ਰਾਜੇਵਾਲ, ਮੁਕੇਸ਼ ਚੰਦਰ, ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਲੀਡਰਾਂ ਨੇ ਕੀਤਾ।
ਕਿਸਾਨਾਂ ਦੇ ਇਹ ਜਥੇ ਮੋਰਚੇ ਦੀ ਮੁੱਖ ਸਟੇਜ ਤੱਕ ਪੁੱਜੇ ਤੇ ਰਾਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਕਾਫ਼ਲੇ 28, 29 ਤੇ 30 ਮਈ ਨੂੰ ਪੰਜਾਬ ਤੋਂ ਤੁਰੇ ਸਨ।
ਕਿਸਾਨ ਲੀਡਰਾਂ ਨੇ ਕਿਹਾ ਕਿ 5 ਜੂਨ ਨੂੰ ਭਾਜਪਾ ਆਗੂਆਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿੱਥੇ ਕੋਈ ਭਾਜਪਾ ਆਗੂ ਨਹੀਂ, ਉੱਥੇ ਜ਼ਿਲ੍ਹਾ ਡੀਸੀ ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੋਰਚੇ ਦੀਆਂ ਸਟੇਜਾਂ ਤੋਂ 6 ਜੂਨ ਨੂੰ ਮੰਦਸੌਰ ਵਿਖੇ ਸ਼ਹੀਦ ਹੋਏ ਕਿਸਾਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ: Model Tenancy Act: ਮੋਦੀ ਸਰਕਾਰ ਦਾ ਨਵਾਂ ਕਾਨੂੰਨ! ਮਕਾਨ ਮਾਲਕ ਤੇ ਕਿਰਾਏਦਾਰ ਵਿਚਾਲੇ ਐਗ੍ਰੀਮੈਂਟ ਦੀ ਸਰਕਾਰ ਨੂੰ ਦੇਣੀ ਹੋਵੇਗੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin