Kolkata Doctor Rape Murder Case: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਬਲਾਤਕਾਰ ਤੇ ਕਤਲ ਮਾਮਲੇ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ਵਿੱਚ ਹੈ। ਸੁਪਰੀਮ ਕੋਰਟ ਨੇ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬਲਾਤਕਾਰ ਅਤੇ ਕਤਲ ਨਾਲ ਸਬੰਧਤ ਗ਼ੈਰ-ਕੁਦਰਤੀ ਮੌਤ ਦਾ ਕੇਸ ਦਰਜ ਕਰਨ ਵਿੱਚ ਕੋਲਕਾਤਾ ਪੁਲਿਸ ਦੀ ਦੇਰੀ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ। ਇਸ ਦੌਰਾਨ ਮੁੱਖ ਦੋਸ਼ੀ ਸੰਜੇ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਬੇਕਸੂਰ ਹੈ।


NDTV ਦੀ ਰਿਪੋਰਟ ਦੇ ਮੁਤਾਬਕ, ਦੋਸ਼ੀ ਸੰਜੇ ਰਾਏ ਦੀ ਮਾਂ ਨੇ ਕਿਹਾ, "ਉਸਨੇ ਕੀ ਕੀਤਾ ਉਹ ਸਮਝ ਜਾਵੇਗਾ। ਇਸ ਘਟਨਾ ਵਿੱਚ ਇੱਕ ਆਦਮੀ ਨਹੀਂ, ਸਗੋਂ ਬਹੁਤ ਸਾਰੇ ਲੋਕ ਸ਼ਾਮਲ ਹਨ। ਮੇਰੇ ਬੇਟੇ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ, ਉਹ ਬੇਕਸੂਰ ਹੈ।"


ਮੁਲਜ਼ਮ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਸਿਰਫ਼ ਇੱਕ ਵਾਰ ਹੀ ਵਿਆਹ ਕੀਤਾ ਸੀ, ਉਸ ਨੇ ਚਾਰ ਵਿਆਹ ਨਹੀਂ ਕੀਤੇ ਹਨ। ਜਿੱਥੇ ਸੰਜੇ ਰਾਏ ਦੀ ਮਾਂ ਰਹਿੰਦੀ ਹੈ, ਉੱਥੇ ਹੀ ਉਸ ਦੀ ਵੱਡੀ ਭੈਣ ਵੀ ਨੇੜੇ ਹੀ ਰਹਿੰਦੀ ਹੈ। ਉਸ ਨੇ ਦੱਸਿਆ ਕਿ ਸੰਜੇ ਦਾ ਦੋ ਵਾਰ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਲਾਤਕਾਰ ਤੇ ਕਤਲ ਕੇਸ ਦੀ ਜਾਣਕਾਰੀ ਟੀਵੀ ਰਾਹੀਂ ਮਿਲੀ। ਦੋਸ਼ੀ ਦੀ ਭੈਣ ਨੇ ਕਿਹਾ ਕਿ ਜੇਕਰ ਉਸ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।


ਕੋਲਕਾਤਾ ਬਲਾਤਕਾਰ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਨੂੰ ਸ਼ੁੱਕਰਵਾਰ (23 ਅਗਸਤ 2024) ਨੂੰ ਸਿਆਲਦਾਹ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ, ਸੀਬੀਆਈ ਟੀਮ ਨੇ ਮੁੱਖ ਮੁਲਜ਼ਮ ਦੇ ਨਾਲ-ਨਾਲ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਅਤੇ ਚਾਰ ਡਾਕਟਰਾਂ ਦੇ ਪੋਲੀਗ੍ਰਾਫੀ ਟੈਸਟ ਦੀ ਇਜਾਜ਼ਤ ਮੰਗੀ ਸੀ, ਜਿਸ ਲਈ ਵੀਰਵਾਰ (22 ਅਗਸਤ 2024) ਨੂੰ ਇਜਾਜ਼ਤ ਦਿੱਤੀ ਗਈ ਸੀ।


ਸੀਬੀਆਈ ਦੀ ਟੀਮ ਹੁਣ ਤੱਕ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ 73 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਸੰਜੇ ਰਾਏ ਅਤੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ ਹੁਣ ਤੱਕ ਜੋ ਵੀ ਬਿਆਨ ਦਿੱਤਾ ਹੈ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ।