ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦਿਨ ਬ ਦਿਨ ਭਖਦਾ ਜਾ ਰਿਹਾ ਹੈ। ਅਜਿਹੇ 'ਚ ਕੇਂਦਰ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਦਾ ਮੋਦੀ ਸਰਕਾਰ ਖਿਲਾਫ ਰੋਹ ਵੀ ਲਗਾਤਾਰ ਵਧ ਰਿਹਾ ਹੈ। ਅਜਿਹੇ 'ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਲੋਕਤੰਤਰੀਆਂ ਕਦਰਾਂ ਕੀਮਤਾਂ ਨੂੰ ਢਾਹ ਲਗਾ ਰਹੀ ਹੈ।


ਪੰਧੇਰ ਨੇ ਕਿਹਾ ਗੈਰ ਮਨੁੱਖੀ ਕਾਰਾ ਅੱਜ ਸਵੇਰੇ ਵੀ ਦਿਖਾਈ ਦਿੱਤਾ। ਸਵੇਰ ਵੇਲੇ ਪਾਣੀ ਤੇ ਲੰਗਰ ਰੋਕਿਆ ਗਿਆ। ਅੰਦੋਲਨ ਕਰ ਰਹੇ ਕਿਸਾਨਾਂ ਦੁਆਲੇ ਭਾਰੀ ਫੋਰਸ ਤਾਇਨਾਤ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੱਥੋਂ ਪਰਿੰਦਾ ਨਹੀਂ ਲੰਘ ਸਕਦਾ ਤਾਂ ਫਿਰ ਇਹ 150 ਬੰਦਾ ਕਿਵੇਂ ਅੱਗੇ ਆ ਗਿਆ?

ਪੰਧੇਰ ਨੇ ਇਲਜ਼ਾਮ ਲਾਇਆ ਕਿ ਪੁਲਿਸ ਖੁਦ ਇਨ੍ਹਾਂ ਨੂੰ ਨਾਲ ਲੈ ਕੇ ਆਈ ਹੈ। ਰਾਸ਼ਟਰੀ ਝੰਡੇ ਨਾਲ ਟੈਂਟ 'ਤੇ ਹਮਲਾ ਕਰਕੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਹੁਣ ਮੋਦੀ ਸਰਕਾਰ ਜਵਾਬ ਦੇਵੇ? ਉਨ੍ਹਾਂ ਦੱਸਿਆ ਕਿ ਬੀਬੀਆਂ ਦੇ ਟੈਂਟਾਂ 'ਤੇ ਹਮਲਾ ਕੀਤਾ ਗਿਆ। ਜਿੰਨਾ ਅਸੀਂ ਪਿੱਛੇ ਹਟਦੇ ਸੀ, ਪ੍ਰਦਰਸ਼ਨਕਾਰੀ ਪੁਲਸ ਨਾਲ ਉਨਾਂ ਹੀ ਅੱਗੇ ਵੱਧਦੇ ਗਏ। ਇਸ ਦੌਰਾਨ 40 ਤੋਂ 50 ਸਾਡੇ ਕਿਸਾਨ ਜ਼ਖਮੀ ਹੋਏ ਹਨ। ਉਨ੍ਹਾਂ ਦੀ ਲੱਤ 'ਤੇ ਸੱਟ ਵੀ ਲੱਗੀ ਹੈ।

ਪੰਧੇਰ ਨੇ ਦੱਸਿਆ ਕਿ ਸਾਡੇ 'ਤੇ ਪੈਟਰੋਲ ਬੰਬ, ਅੱਥਰੂ ਗੈਸ ਤੇ ਸਮੋਕ ਬੰਬ ਸੁੱਟੇ ਗਏ। ਹੈਲੀਕਾਪਟਰ ਨਾਲ ਸਮੋਕ ਬੰਬ ਸਾਡੇ 'ਤੇ ਸੁੱਟੇ ਗਏ। ਉਨ੍ਹਾਂ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਨੇ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ। ਇਹ ਸਥਾਨਕ ਹਮਲਾਵਰ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕ ਤੇ ਦਿੱਲੀ ਵਾਸੀ ਸਾਡਾ ਸਹਿਯੋਗ ਕਰ ਰਹੇ ਹਨ। ਪੰਧੇਰ ਨੇ ਕਿਹਾ ਦਿੱਲੀ ਵਾਸੀਆਂ ਦੀ ਆੜ 'ਚ ਆਰਆਰਐਸ ਤੇ ਹਿੰਦੂ ਵਾਹਿਨੀ ਨੇ ਹਮਲਾ ਕੀਤਾ ਹੈ ਤੇ ਸਾਡੇ ਤੇ ਫਿਰ ਤੋਂ ਹਮਲਾ ਹੋ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ