Satyendra Jain VIP Treatment Case : ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਕਾਰਨ ਤਿਹਾੜ ਜੇਲ੍ਹ ਨੰਬਰ-7 ਦੇ ਜੇਲ੍ਹ ਸੁਪਰਡੈਂਟ ਅਜੀਤ ਕੁਮਾਰ, ਡੈਨਿਕਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਜੇਲ੍ਹ ਵਿਭਾਗ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਪਤਾ ਲੱਗਾ ਹੈ ਕਿ ਉਸ ਨੇ ਅਜਿਹੀਆਂ ਬੇਨਿਯਮੀਆਂ ਕੀਤੀਆਂ ਹਨ, ਜਿਨ੍ਹਾਂ ਦੀ ਜਾਂਚ ਦੀ ਲੋੜ ਹੈ। ਸੂਤਰਾਂ ਮੁਤਾਬਕ ਕੈਦੀ ਸਤੇਂਦਰ ਜੈਨ ਨੂੰ ਨਾਜਾਇਜ਼ ਅਤੇ ਗੈਰ-ਕਾਨੂੰਨੀ ਲਾਭ ਪ੍ਰਦਾਨ ਕਰਦੇ ਹੋਏ ਪਾਇਆ ਗਿਆ ਹੈ।
ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਪਿਛਲੇ ਹਫ਼ਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਵੀਆਈਪੀ ਟਰੀਟਮੈਂਟ ਦਾ ਆਰੋਪ ਲਗਾਉਂਦੇ ਹੋਏ ਉਨ੍ਹਾਂ ਦਾ ਤਿਹਾੜ ਜੇਲ੍ਹ ਤੋਂ ਤਬਾਦਲੇ ਦੀ ਮੰਗ ਕੀਤੀ ਸੀ। ਸਤੇਂਦਰ ਜੈਨ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫਤਾਰੀ ਤੋਂ ਬਾਅਦ ਜੇਲ 'ਚ ਬੰਦ ਹਨ।
ਭਾਜਪਾ ਸਾਂਸਦ ਨੇ ਲਾਏ ਆਰੋਪ
ਭਾਜਪਾ ਆਗੂ ਵਰਮਾ ਨੇ ਕਿਹਾ ਸੀ ਕਿ ਕੋਈ ਸਮਾਂ ਸੀ ਜਦੋਂ ਤਿਹਾੜ ਜੇਲ੍ਹ ਦਾ ਨਾਂ ਸੁਣ ਕੇ ਮੁਲਜ਼ਮ ਡਰ ਜਾਂਦੇ ਸਨ ਪਰ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਮੰਤਰੀ ਵੀ ਜੇਲ੍ਹ ਤੋਂ ਨਹੀਂ ਡਰਦੇ। ਇਸ ਦੇ ਉਲਟ ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ ਉੱਥੇ ਮਾਲਿਸ਼ ਕਰਵਾ ਰਹੇ ਹਨ।
ਭਾਜਪਾ ਆਗੂ ਦੀ ਇਹ ਟਿੱਪਣੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸਤੇਂਦਰ ਜੈਨ ਖ਼ਿਲਾਫ਼ ਜ਼ਮਾਨਤ ਦੀ ਸੁਣਵਾਈ ਦੌਰਾਨ ਬਹਿਸ ਖ਼ਤਮ ਹੋਣ ਤੋਂ ਬਾਅਦ ਆਈ ਹੈ। ਈਡੀ ਨੇ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਸੀ ਕਿ ਉਸ (ਸਤੇਂਦਰ ਜੈਨ) ਨੇ ਜੇਲ੍ਹ ਵਿੱਚ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਸੀ। ਉਨ੍ਹਾਂ ਨੂੰ ਤਾਜ਼ੇ ਕੱਟੇ ਹੋਏ ਫਲ ਅਤੇ ਮਾਲਿਸ਼ ਦਿੱਤੀ ਗਈ।
ਈਡੀ ਨੇ ਕੀਤਾ ਸੀ ਗ੍ਰਿਫਤਾਰ
ਈਡੀ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਰਾਹੀਂ 2017 ਵਿੱਚ ਦਰਜ ਐਫਆਈਆਰ ਦੇ ਆਧਾਰ ’ਤੇ ਇਸ ਸਾਲ ਮਈ ਵਿੱਚ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜੈਨ 'ਤੇ ਕਥਿਤ ਤੌਰ 'ਤੇ ਉਸ ਨਾਲ ਜੁੜੀਆਂ ਚਾਰ ਕੰਪਨੀਆਂ ਦੇ ਮਾਧਿਅਮ ਨਾਲ ਧਨ ਲਾਂਡਰਿੰਗ ਕਰਨ ਦਾ ਦੋਸ਼ ਹੈ।
ਠੱਗ ਸੁਕੇਸ਼ 'ਤੇ ਵੀ ਜਬਰੀ ਵਸੂਲੀ ਦੇ ਆਰੋਪ ਲਾਏ
ਜੇਲ੍ਹ ਵਿੱਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਵੀ ਹਾਲ ਹੀ ਵਿੱਚ ਸਤੇਂਦਰ ਜੈਨ ਉੱਤੇ ਗੰਭੀਰ ਦੋਸ਼ ਲਾਏ ਸਨ। ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਇੱਕ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਜੈਨ ਨੇ ਜੇਲ੍ਹ ਵਿੱਚ ਆਪਣੀ ਸੁਰੱਖਿਆ ਦੇ ਬਦਲੇ 2019 ਵਿੱਚ ਉਸ ਤੋਂ 10 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ।