ਰਾਜਸਥਾਨ ਦੇ ਝਾਲਾਵਾੜ 'ਚ ਸਕੂਲ ਦੀ ਡਿੱਗੀ ਛੱਤ, 4 ਬੱਚਿਆਂ ਦੀ ਮੌਤ, ਕਈ ਫਸੇ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਅੱਜ ਸਵੇਰੇ (25 ਜੁਲਾਈ) ਵੱਡਾ ਹਾਦਸਾ ਹੋਇਆ, ਜਦੋਂ ਮਨੋਹਰਥਾਨਾ ਬਲਾਕ ਦੇ ਪਿਪਲੋਦੀ ਪਿੰਡ ਵਿਚ ਸਥਿਤ ਸਰਕਾਰੀ ਉੱਚ ਪ੍ਰਾਥਮਿਕ ਸਕੂਲ ਦੀ ਛੱਤ ਡਿੱਗ ਪਈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ

ਰਾਜਸਥਾਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਝਾਲਾਵਾੜ ਜ਼ਿਲ੍ਹੇ ਵਿੱਚ 25 ਜੁਲਾਈ ਦੀ ਸਵੇਰੇ ਵੱਡਾ ਹਾਦਸਾ ਹੋਇਆ, ਜਦੋਂ ਮਨੋਹਰਥਾਨਾ ਬਲਾਕ ਦੇ ਪਿਪਲੋਦੀ ਪਿੰਡ ਵਿਚ ਸਥਿਤ ਸਰਕਾਰੀ ਉੱਚ ਪ੍ਰਾਥਮਿਕ ਸਕੂਲ ਦੀ ਛੱਤ ਡਿੱਗ ਪਈ। ਇਸ ਤੋਂ ਬਾਅਦ ਸਕੂਲ ਦੀ ਇਕ ਦੀਵਾਰ ਵੀ ਢਹਿ ਗਈ। ਇਸ ਦਰਦਨਾਕ ਹਾਦਸੇ ਵਿਚ ਹੁਣ ਤੱਕ 4 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਬੱਚਿਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
4 ਬੱਚਿਆਂ ਦੀ ਮੌਤ ਤੇ ਕਈ ਜ਼ਖਮੀ
ਘਟਨਾ ਮਗਰੋਂ ਇਲਾਕੇ ਵਿਚ ਹੜਕੰਪ ਮਚ ਗਿਆ ਹੈ ਤੇ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਹਾਦਸੇ ਵਿਚ 3 ਬੱਚਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਲੇਕਟਰ ਨਾਲ ਫੋਨ 'ਤੇ ਗੱਲ ਕਰਕੇ ਰਾਹਤ ਤੇ ਬਚਾਅ ਕੰਮ ਤੇਜ਼ ਕਰਨ ਅਤੇ ਜ਼ਖ਼ਮੀ ਬੱਚਿਆਂ ਦੇ ਇਲਾਜ ਦੀ ਚੰਗੀ ਵਿਵਸਥਾ ਕਰਨ ਦੇ ਹੁਕਮ ਦਿੱਤੇ ਹਨ।
ਇਸੇ ਦੌਰਾਨ ਝਾਲਾਵਾੜ ਦੇ ਐਸ.ਪੀ. ਅਮਿਤ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਛੱਤ ਡਿੱਗਣ ਕਾਰਨ 3 ਤੋਂ 4 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਕਈ ਹੋਰ ਵਿਦਿਆਰਥੀ ਜ਼ਖ਼ਮੀ ਹੋਏ ਹਨ। ਸੂਚਨਾ ਮਿਲਦੇ ਹੀ ਝਾਲਾਵਾੜ ਦੇ ਕਲੇਕਟਰ ਅਤੇ ਐਸ.ਪੀ. ਅਮਿਤ ਕੁਮਾਰ ਬੁਡਾਨੀਆ ਘਟਨਾ ਸਥਾਨ ਵੱਲ ਰਵਾਨਾ ਹੋ ਗਏ ਹਨ।
ਇਸ ਸਮੇਂ ਪ੍ਰਸ਼ਾਸਨ ਅਤੇ ਸਥਾਨਕ ਲੋਕ ਰਾਹਤ ਕਾਰਜ ਵਿੱਚ ਜੁਟੇ ਹੋਏ ਹਨ। ਮਲਬਾ ਹਟਾਉਣ ਲਈ JCB ਮਸ਼ੀਨਾਂ ਦੀ ਮਦਦ ਲੈਣੀ ਜਾ ਰਹੀ ਹੈ। ਜ਼ਖ਼ਮੀ ਬੱਚਿਆਂ ਨੂੰ ਮਨੋਹਰਥਾਨਾ ਦੇ ਕਮੇਉਨਿਟੀ ਹੈਲਥ ਸੈਂਟਰ (CSC) ਭੇਜਿਆ ਗਿਆ ਹੈ। ਉੱਥੇ ਮੌਜੂਦ ਸਥਾਨਕ ਪਿੰਡ ਵਾਸੀ ਵੀ ਬਚਾਵ ਕਾਰਜ ਵਿੱਚ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ।
60 ਤੋਂ ਵੱਧ ਬੱਚਿਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ
ਹਾਦਸੇ ਵੇਲੇ ਸਕੂਲ ਵਿੱਚ ਵੱਡੀ ਗਿਣਤੀ 'ਚ ਬੱਚੇ ਮੌਜੂਦ ਸਨ। ਲੋਕਾਂ ਨੇ ਦੱਸਿਆ ਕਿ ਛੱਤ ਅਚਾਨਕ ਹੀ ਢਹਿ ਗਈ ਤੇ ਸਮਝਿਆ ਜਾ ਰਿਹਾ ਹੈ ਕਿ 60 ਤੋਂ ਵੱਧ ਬੱਚੇ ਮਲਬੇ ਹੇਠ ਫਸ ਗਏ ਹਨ। ਹਾਦਸੇ ਦੀ ਗੰਭੀਰਤਾ ਦੇ ਮੱਦੇਨਜ਼ਰ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ।
ਹਾਦਸੇ ਦਾ ਕਾਰਨ ਕੀ ਸੀ?
ਸ਼ੁਰੂਆਤੀ ਜਾਣਕਾਰੀ ਮੁਤਾਬਕ, ਸਕੂਲ ਦੀ ਛੱਤ ਬਹੁਤ ਹੀ ਖਸਤਾ ਹਾਲਤ ਵਿੱਚ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਨਾਲ ਹੀ, ਭਾਰੀ ਮੀਂਹ ਕਾਰਨ ਕੰਧ ਵਿੱਚ ਨਮੀ ਆ ਗਈ ਸੀ, ਜਿਸ ਕਾਰਨ ਕੰਧ ਕਮਜ਼ੋਰ ਹੋ ਗਈ। ਇਹ ਵੀ ਸਥਾਨਕ ਲੋਕਾਂ ਵੱਲੋਂ ਹਾਦਸੇ ਦੇ ਮੁੱਖ ਕਾਰਨਾਂ 'ਚੋਂ ਇੱਕ ਦੱਸਿਆ ਗਿਆ ਹੈ।






















