ਬੇਸ਼ੱਕ, ਸ਼੍ਰੀਨਗਰ ਵਿੱਚ ਸਕੂਲ-ਕਾਲਜ ਖੋਲ੍ਹੇ ਗਏ ਹਨ, ਪਰ ਹਾਲੇ ਵੀ ਸਾਰੇ ਪਾਸੇ ਅਜੀਬ ਜਿਹੀ ਸੁੰਞ ਪੱਸਰੀ ਹੋਈ ਹੈ। ਬੱਚੇ ਹੌਲੀ-ਹੌਲੀ ਸਕੂਲ-ਕਾਲਜ ਪਹੁੰਚ ਰਹੇ ਹਨ, ਪਰ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਸਕੂਲ ਜਾਣ ਵਾਲੇ ਬੱਚਿਆਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਸੁਰੱਖਿਆ ਜਵਾਨਾਂ ਨੂੰ ਥਾਂ-ਥਾਂ ਤਾਇਨਾਤ ਕੀਤਾ ਗਿਆ ਹੈ।
ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਚੌਧਰੀ ਮੁਤਾਬਕ ਸੋਮਵਾਰ ਤੋਂ ਘਾਟੀ ਵਿੱਚ 190 ਸਕੂਲ ਖੋਲ੍ਹੇ ਗਏ ਹਨ। ਜੰਮੂ ਵਿੱਚ ਤਾਂ ਪਿਛਲੇ ਦਿਨਾਂ ਤੋਂ ਹੀ ਧਾਰਾ 144 ਵਿੱਚ ਢਿੱਲ ਦਿੱਤੀ ਗਈ ਸੀ। ਸ਼ਨੀਵਾਰ ਨੂੰ 12 ਦਿਨਾਂ ਬਾਅਦ ਮੋਬਾਈਲ ਇੰਟਰਨੈੱਟ 'ਤੇ ਲੱਗੀ ਰੋਕ ਹਟਾ ਕੇ ਪੰਜ ਜ਼ਿਲ੍ਹਿਆਂ ਵਿੱਚ 2ਜੀ ਸਪੀਡ 'ਤੇ ਇੰਟਰਨੈੱਟ ਸ਼ੁਰੂ ਕੀਤਾ ਗਿਆ ਸੀ। ਲੋਕਾਂ ਨੂੰ ਆਸ ਸੀ ਕਿ ਹੁਣ ਤੇਜ਼ ਇੰਟਰਨੈੱਟ ਸ਼ੁਰੂ ਹੋ ਜਾਵੇਗਾ, ਪਰ ਕੁਝ ਹਿੰਸਕ ਵਾਰਦਾਤਾਂ ਮਗਰੋਂ ਇੰਟਰਨੈੱਟ ਸੇਵਾ ਮੁੜ ਤੋਂ ਬੰਦ ਕਰ ਦਿੱਤੀ ਗਈ ਹੈ।