ਗਗਨਦੀਪ ਸ਼ਰਮਾ


ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੇ ਦੋ ਪਿੰਡਾਂ ਟੇਂਡੀ ਵਾਲਾ ਤੇ ਹਜ਼ਾਰਾਂ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਡ੍ਰੋਨ ਦੀ ਹਰਕਤ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਹਨ। ਸੁਰੱਖਿਆ ਏਜੰਸੀਆਂ ਨੇ ਇਸ ਦੌਰਾਨ ਹਰਕਤ ਵਿੱਚ ਆਉਂਦਿਆਂ ਹੋਇਆਂ ਦੋਵਾਂ ਪਿੰਡਾਂ ਦੇ ਵਿੱਚ ਜੰਗੀ ਪੱਧਰ 'ਤੇ ਸਰਚ ਆਪਰੇਸ਼ਨ ਚਲਾਇਆ ਹੈ। ਇਸ ਦੇ ਤਹਿਤ ਇਕੱਲੇ-ਇਕੱਲੇ ਘਰ ਦੀ ਤਲਾਸ਼ੀ ਤੋਂ ਇਲਾਵਾ ਹਰੇਕ ਖੇਤ ਦੀ ਤਲਾਸ਼ੀ ਲਈ ਜਾ ਰਹੀ ਹੈ। ਫ਼ਿਰੋਜ਼ਪੁਰ ਪੁਲਿਸ ਨੇ ਵੀ ਹਰ ਪੱਖ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।


ਬੀਐਸਐਫ ਵੱਲੋਂ ਫ਼ਿਰੋਜ਼ਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਉਨ੍ਹਾਂ ਨੇ ਹਜ਼ਾਰਾਂ ਪਿੰਡ ਦੇ ਨਜ਼ਦੀਕ ਸੋਮਵਾਰ ਦੀ ਰਾਤ ਡਰੋਨ ਦੀ ਮੂਵਮੈਂਟ ਦੇਖੀ ਤਾਂ ਬੀਐਸਐਫ ਨੇ ਬਕਾਇਦਾ ਇਸ ਦੇ ਉੱਪਰ ਸ਼ੇਅਰ ਰਾਊਂਡ ਫਾਇਰ ਕੀਤੇ ਪਰ ਦੂਰੀ ਹੋਣ ਕਾਰਨ ਰੇਂਜ 'ਚ ਨਹੀਂ ਆ ਸਕੇ। ਇਸ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਸ਼ਿਕਾਇਤ ਦਰਜ ਕਰਵਾਈ ਗਈ। ਫ਼ਿਰੋਜ਼ਪੁਰ ਪੁਲਿਸ ਨੇ ਹਜ਼ਾਰਾਂ ਅਤੇ ਟੇਂਡੀ ਵਾਲਾ ਪਿੰਡ ਨੂੰ ਕਈ ਵਾਰ ਛਾਣ ਲਿਆ ਹੈ। ਪਿੰਡ ਦੇ ਵਿੱਚ ਸ਼ੱਕੀਆਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਕਈ ਪਿੰਡ ਵਾਸੀਆਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ।


ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਦੇ ਖੂਫੀਆ ਵਿੰਗ ਆਪਣੇ ਪੱਧਰ 'ਤੇ ਪਿੰਡਾਂ ਦੇ ਵਿੱਚ ਜਾਣਕਾਰੀ ਇਕੱਠੀ ਕਰ ਰਹੇ ਹਨ। ਹਾਲਾਂਕਿ ਪਿੰਡ ਵਾਸੀ ਦੱਬੀ ਜ਼ਬਾਨ ਵਿੱਚ ਇਸ ਦਾ ਜ਼ਿਕਰ ਕਰ ਰਹੇ ਹਨ ਕਿ ਉਨ੍ਹਾਂ ਨੇ ਅਜਿਹੀ ਲਾਈਟ ਪਹਿਲਾਂ ਕਦੀ ਨਹੀਂ ਸੀ ਦੇਖੀ ਜੋ ਸੋਮਵਾਰ ਅਤੇ ਮੰਗਲਵਾਰ ਨੂੰ ਪਹਿਲੀ ਵਾਲਾ ਪਿੰਡ ਵਿੱਚ ਦੇਖਣ ਨੂੰ ਮਿਲੀ। ਦੋਵੇਂ ਪਿੰਡ ਬਾਰਡਰ ਤੋਂ 500-700 ਮੀਟਰ ਦੀ ਦੂਰ 'ਤੇ ਸਥਿਤ ਹਨ।


ਫ਼ਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੋਈ ਵੀ ਪੱਖ ਨਹੀਂ ਛੱਡਣਾ ਚਾਹੁੰਦੇ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਜੇਕਰ ਡਰੋਨ ਭਾਰਤ ਵਾਲੇ ਪਾਸੇ ਆਏ ਸਨ ਤਾਂ ਉਸ ਦੀ ਡਿਲੀਵਰੀ ਵੀ ਹੋਣ ਦੇ ਸੰਕੇਤ ਮਿਲ ਸਕਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡਰੋਨ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਚੌਕਸ ਦਿਖਾਈ ਦੇ ਰਹੀਆਂ ਹਨ। ਸ਼ਾਇਦ ਇਸੇ ਕਾਰਨ ਪਾਕਿਸਤਾਨ ਦੇ ਵਿੱਚ ਬੈਠੇ ਭਾਰਤ ਵਿਰੋਧੀ ਯੰਤਰਾਂ ਨੇ ਫਿਰੋਜ਼ਪੁਰ ਦੇ ਰਸਤੇ ਨੂੰ ਇਸਤੇਮਾਲ ਕੀਤਾ ਹੈ।