Pahalgam Terror Attack: 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ Pahalgam ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਨਿਰਦੋਸ਼ ਲੋਕਾਂ ਦੀ ਮੌਤ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਰਾਤ ਨੂੰ ਵੱਡੀ ਕਾਰਵਾਈ ਕੀਤੀ ਤੇ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ ਸੱਤ ਅੱਤਵਾਦੀਆਂ ਦੇ ਘਰ ਢਾਹ ਦਿੱਤੇ। 

ਇਹ ਕਾਰਵਾਈ ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਕੁਲਗਾਮ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਕੀਤੀ ਗਈ। ਸ਼ੋਪੀਆਂ ਦੇ ਛੋਟੀਪੋਰਾ ਪਿੰਡ ਵਿੱਚ ਲਸ਼ਕਰ ਕਮਾਂਡਰ ਸ਼ਾਹਿਦ ਅਹਿਮਦ ਦਾ ਘਰ ਮਲਬੇ ਵਿੱਚ ਬਦਲ ਗਿਆ। ਅਧਿਕਾਰੀਆਂ ਅਨੁਸਾਰ, ਉਹ ਪਿਛਲੇ 3-4 ਸਾਲਾਂ ਤੋਂ ਅੱਤਵਾਦੀ ਗਤੀਵਿਧੀਆਂ ਵਿੱਚ ਸਰਗਰਮ ਸੀ ਤੇ ਕਈ ਹਮਲਿਆਂ ਦਾ ਸੰਯੋਜਕ ਰਿਹਾ ਹੈ। ਇਸ ਦੇ ਨਾਲ ਹੀ ਕੁਲਗਾਮ ਦੇ ਮਤਲਾਮ ਇਲਾਕੇ ਵਿੱਚ ਸਰਗਰਮ ਅੱਤਵਾਦੀ ਜ਼ਾਹਿਦ ਅਹਿਮਦ ਦੇ ਘਰ ਨੂੰ ਵੀ ਢਾਹ ਦਿੱਤਾ ਗਿਆ।

ਪੁਲਵਾਮਾ ਦੇ ਮੁਰਾਨ ਇਲਾਕੇ ਵਿੱਚ ਅੱਤਵਾਦੀ ਅਹਿਸਾਨ ਉਲ ਹੱਕ ਦੇ ਘਰ ਨੂੰ ਉਡਾ ਦਿੱਤਾ ਗਿਆ। ਅਹਿਸਨ ਨੇ 2018 ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਸਿਖਲਾਈ ਪ੍ਰਾਪਤ ਕੀਤੀ ਸੀ ਤੇ ਹਾਲ ਹੀ ਵਿੱਚ ਵਾਦੀ ਵਿੱਚ ਦੁਬਾਰਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ, ਲਸ਼ਕਰ ਦੇ ਅੱਤਵਾਦੀ ਅਹਿਸਾਨ ਅਹਿਮਦ ਸ਼ੇਖ, ਜੋ ਕਿ ਜੂਨ 2023 ਤੋਂ ਸਰਗਰਮ ਹੈ, ਦੇ ਦੋ ਮੰਜ਼ਿਲਾ ਘਰ ਨੂੰ ਵੀ ਢਾਹ ਦਿੱਤਾ ਗਿਆ। ਹੈਰਿਸ ਅਹਿਮਦ ਦੇ ਘਰ ਨੂੰ ਵੀ ਉਡਾ ਦਿੱਤਾ ਗਿਆ। ਉਹ 2023 ਤੋਂ ਅੱਤਵਾਦ ਵਿੱਚ ਸ਼ਾਮਲ ਹੈ। ਪੁਲਵਾਮਾ ਦੇ ਕਾਚੀਪੁਰਾ ਵਿਖੇ ਘਰ ਨੂੰ ਉਡਾ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਪਹਿਲਗਾਮ ਹਮਲੇ ਵਿੱਚ ਸ਼ਾਮਲ ਆਦਿਲ ਹੁਸੈਨ ਤੇ ਆਸਿਫ ਸ਼ੇਖ ਦੇ ਘਰ ਵੀ ਧਮਾਕਿਆਂ ਨਾਲ ਤਬਾਹ ਹੋ ਗਏ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਘਰਾਂ ਵਿੱਚ ਵਿਸਫੋਟਕ ਸਮੱਗਰੀ ਵੀ ਰੱਖੀ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਅਨੰਤਨਾਗ ਪੁਲਿਸ ਨੇ ਵੀਰਵਾਰ ਨੂੰ ਤਿੰਨ ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ ਸਨ। ਤਿੰਨਾਂ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਪਹਿਲਗਾਮ ਅੱਤਵਾਦੀ ਘਟਨਾ ਤੋਂ ਬਾਅਦ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਪੂਰੇ ਖੇਤਰ ਵਿੱਚ ਇੱਕ ਵੱਡਾ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।