Jammu Kashmir: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਇਕ ਘਰ 'ਚੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਬੀਤੀ ਰਾਤ ਚਲਾਏ ਗਏ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਉੱਤਰੀ ਕਸ਼ਮੀਰ ਦੇ ਕਰਨਾਹ ਖੇਤਰ ਵਿੱਚ ਪੰਜਤਾਰਨ ਵਾਸੀ ਰਫਾਕਤ ਹੁਸੈਨ ਸ਼ਾਹ ਦੇ ਘਰੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇੱਕ ਪਿਸਤੌਲ, ਦੋ ਮੈਗਜ਼ੀਨ, 16 ਕਾਰਤੂਸ, ਦੋ ਹੈਂਡ ਗਰਨੇਡ, ਦੋ ਡੈਟੋਨੇਟਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ਬੁਲਾਰੇ ਅਨੁਸਾਰ ਇਸ ਸਬੰਧ ਵਿੱਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕੁਪਵਾੜਾ ਤੋਂ ਇਲਾਵਾ ਜੰਮੂ-ਕਸ਼ਮੀਰ ਪੁਲਸ ਸੂਬੇ ਭਰ 'ਚ ਸਰਗਰਮ ਹੈ। ਸ਼ਨੀਵਾਰ (19 ਨਵੰਬਰ) ਨੂੰ ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ ਵਲੋਂ ਪੱਤਰਕਾਰਾਂ ਨੂੰ ਧਮਕੀ ਦੇਣ ਤੋਂ ਬਾਅਦ ਪੁਲਸ ਨੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ। ਪੁਲਸ ਨੇ ਦੱਸਿਆ ਕਿ ਇਹ ਛਾਪੇ ਘਾਟੀ ਦੇ ਸ਼੍ਰੀਨਗਰ, ਅਨੰਤਨਾਗ ਅਤੇ ਕੁਲਗਾਮ ਜ਼ਿਲਿਆਂ 'ਚ ਮਾਰੇ ਗਏ।
ਕਸ਼ਮੀਰ ਜ਼ੋਨ ਪੁਲਸ ਨੇ ਟਵੀਟ ਕੀਤਾ ਕਿ ਪੱਤਰਕਾਰਾਂ ਨੂੰ ਹਾਲ ਹੀ 'ਚ ਦਿੱਤੀਆਂ ਧਮਕੀਆਂ ਦੇ ਸਬੰਧ 'ਚ ਪੁਲਸ ਨੇ ਸ਼੍ਰੀਨਗਰ, ਅਨੰਤਨਾਗ ਅਤੇ ਕੁਲਗਾਮ 'ਚ 10 ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਪੁਲਿਸ ਨੇ 12 ਨਵੰਬਰ ਨੂੰ ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਧਮਕੀ ਭਰੇ ਪੱਤਰ ਭੇਜਣ ਦੇ ਮਾਮਲੇ ਵਿੱਚ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਤੋਇਬਾ ਦੇ ਫਰੰਟ ਸੰਗਠਨ 'ਦਿ ਰੇਸਿਸਟੈਂਸ ਫਰੰਟ' (TRF) ਨਾਲ ਜੁੜੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
TRF ਨੇ ਘਾਟੀ ਦੇ ਕੁਝ ਮੀਡੀਆ ਹਾਊਸਾਂ ਨੂੰ ਆਨਲਾਈਨ ਧਮਕੀ ਦਿੱਤੀ ਸੀ। ਧਮਕੀ ਦੇ ਬਾਅਦ, ਕਈ ਪੱਤਰਕਾਰਾਂ ਨੇ ਸਥਾਨਕ ਪ੍ਰਕਾਸ਼ਨਾਂ ਤੋਂ ਅਸਤੀਫਾ ਦੇ ਦਿੱਤਾ। ਇਸ ਸਬੰਧ 'ਚ ਇੱਕ ਖੁਫੀਆ ਡੋਜ਼ੀਅਰ 'ਚ ਕਿਹਾ ਗਿਆ ਹੈ ਕਿ ਇਸ ਧਮਕੀ ਪਿੱਛੇ ਤੁਰਕੀ ਸਥਿਤ ਅੱਤਵਾਦੀ ਮੁਖਤਾਰ ਬਾਬਾ ਅਤੇ ਜੰਮੂ-ਕਸ਼ਮੀਰ 'ਚ ਉਸ ਨਾਲ ਜੁੜੇ 6 ਵਿਅਕਤੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਇਸ 'ਚ ਕਿਹਾ ਗਿਆ ਹੈ ਕਿ ਬਾਬਾ (55) ਕਸ਼ਮੀਰ 'ਚ ਵੱਖ-ਵੱਖ ਅਖਬਾਰਾਂ 'ਚ ਕੰਮ ਕਰਦਾ ਸੀ। ਉਹ 1990 ਦੇ ਦਹਾਕੇ ਵਿੱਚ ਸ੍ਰੀਨਗਰ ਦਾ ਵਸਨੀਕ ਸੀ ਅਤੇ ਮੰਨਿਆ ਜਾਂਦਾ ਹੈ ਕਿ ਬਾਅਦ ਵਿੱਚ ਉਹ ਤੁਰਕੀ ਭੱਜ ਗਿਆ ਸੀ।