ਜੰਮੂ-ਕਸ਼ਮੀਰ ਦੇ ਪੁੰਛ 'ਚ 4 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਹਿਰਾਸਤ 'ਚ ਲਏ ਗਏ ਸਥਾਨਕ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਉਨ੍ਹਾਂ ਨੂੰ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਜ਼ਖਮਾਂ 'ਤੇ ਲਾਲ ਮਿਰਚ ਪਾਊਡਰ ਰਗੜਨ ਦਾ ਵੀ ਦੋਸ਼ ਲਗਾਇਆ ਹੈ।


ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਹਿਰਾਸਤ ਵਿੱਚ ਲਏ ਗਏ ਤਿੰਨ ਨਾਗਰਿਕਾਂ ਦੀ ਪੁੱਛਗਿੱਛ ਦੌਰਾਨ ਮੌਤ ਹੋ ਗਈ, ਜਦੋਂ ਕਿ ਪੰਜ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਅਧੀਨ ਹਨ। ਹਸਪਤਾਲ 'ਚ ਦਾਖਲ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਸ਼ਨੀਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦਾ ਦੋਸ਼ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਪੁੱਛਗਿੱਛ ਦੌਰਾਨ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਜ਼ਖ਼ਮਾਂ 'ਤੇ ਲਾਲ ਮਿਰਚ ਪਾਊਡਰ ਰਗੜਿਆ ਗਿਆ। ਉਸ ਨੂੰ ਬੇਹੋਸ਼ ਹੋਣ ਤੱਕ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਸੀ।


ਅਸ਼ਰਫ਼ ਨੇ ਦੱਸਿਆ ਕਿ ਕਿਵੇਂ ਤਸ਼ੱਦਦ ਕੀਤਾ ਗਿਆ


ਅਸ਼ਰਫ ਨੇ ਕਿਹਾ ਕਿ, 'ਵਾਇਰਲ ਵੀਡੀਓ 'ਚ ਨਜ਼ਰ ਆ ਰਿਹਾ ਉਹ ਵਿਅਕਤੀ ਮੈਂ ਹਾਂ, ਜਿਸ ਨੂੰ ਫੌਜ ਦੇ ਜਵਾਨ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟ ਰਹੇ ਹਨ।' ਅਸ਼ਰਫ਼ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਸੱਟਾਂ ਅਤੇ ਸਦਮੇ ਕਾਰਨ ਉਹ ਸ਼ਨੀਵਾਰ ਤੋਂ ਸੌਣ ਦੇ ਯੋਗ ਵੀ ਨਹੀਂ ਹਨ। ਅਸ਼ਰਫ਼ ਨੇ ਕਿਹਾ, 'ਜਿਸ ਦਾ ਸਾਰਾ ਸਰੀਰ ਦਰਦ ਨਾਲ ਕੰਬ ਰਿਹਾ ਹੋਵੇ, ਉਹ ਕਿਵੇਂ ਸੌਂ ਸਕਦਾ ਹੈ? ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ, ਤੁਹਾਨੂੰ ਉਹ ਤਸੀਹੇ ਯਾਦ ਆਉਂਦੇ ਹਨ, ਜੋ ਤੁਹਾਨੂੰ ਪਰੇਸ਼ਾਨ ਕਰਦੇ ਹਨ।


ਰਾਜੌਰੀ ਜ਼ਿਲ੍ਹੇ ਦੇ ਥਾਨਾਮੰਡੀ ਇਲਾਕੇ ਦਾ ਰਹਿਣ ਵਾਲਾ ਅਸ਼ਰਫ਼ 2007 ਤੋਂ ਜੰਮੂ-ਕਸ਼ਮੀਰ ਦੇ ਬਿਜਲੀ ਵਿਕਾਸ ਵਿਭਾਗ ਵਿੱਚ ਲਾਈਨਮੈਨ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਦੀ ਤਨਖਾਹ ਸਿਰਫ਼ 9,330 ਰੁਪਏ ਪ੍ਰਤੀ ਮਹੀਨਾ ਹੈ। ਉਸਦੇ ਦੇ ਤਿੰਨ ਬੱਚੇ ਹਨ।


22 ਦਸੰਬਰ ਨੂੰ 3 ਨਾਗਰਿਕਾਂ ਦੀ ਮੌਤ


21 ਦਸੰਬਰ ਨੂੰ ਪੁੰਛ ਦੇ ਸੂਰਨਕੋਟ ਇਲਾਕੇ 'ਚ ਢੇਰਾ ਕੀ ਗਲੀ ਅਤੇ ਬਫਲਿਆਜ਼ ਦੇ ਵਿਚਕਾਰ ਧਤਿਆਰ ਮੋੜ 'ਤੇ ਅੱਤਵਾਦੀਆਂ ਨੇ ਫੌਜ ਦੇ ਵਾਹਨਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ। ਇਸ ਤੋਂ ਬਾਅਦ ਫੌਜ ਨੇ ਕੁਝ ਸਥਾਨਕ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਜਿਨ੍ਹਾਂ 'ਚੋਂ ਤਿੰਨ 22 ਦਸੰਬਰ ਨੂੰ ਮ੍ਰਿਤਕ ਪਾਏ ਗਏ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਨਾਗਰਿਕਾਂ 'ਤੇ ਤਸ਼ੱਦਦ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਹੈ। ਫੌਜ ਨੇ ਇਸ ਦੀ ਉੱਚ ਪੱਧਰੀ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ।