ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਤਾਡਦੇਵ ਥਾਣੇ ਦੇ ਅਧੀਨ ਇੱਕ 30 ਸਾਲਾ ਵਿਅਕਤੀ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਲਾਪਤਾ ਪਤਨੀ ਨੂੰ ਦੇਖ ਕੇ ਨੌਜਵਾਨ ਨੂੰ ਗੁੱਸਾ ਆ ਗਿਆ ਜਿਸ ਮਗਰੋਂ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਚੌਕਸੀ ਦਿਖਾਉਂਦੇ ਹੋਏ ਅੱਗ 'ਤੇ ਕਾਬੂ ਪਾ ਲਿਆ।ਇਸ ਨਾਲ ਉਸ ਦੀ ਜਾਨ ਬਚ ਗਈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਨਾਇਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।


ਪੁਲਿਸ ਅਨੁਸਾਰ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਇੱਕ ਕੰਪਨੀ ਵਿੱਚ ਡਿਲੀਵਰੀ ਬੁਆਏ ਸੀ। ਕੋਰੋਨਾ ਦੇ ਦੌਰ ਦੌਰਾਨ ਉਸਦੀ ਨੌਕਰੀ ਚਲੀ ਗਈ। ਇਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਬੁੱਧਵਾਰ ਨੂੰ ਅਚਾਨਕ ਗਾਇਬ ਹੋ ਗਈ। ਉਹ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਤਾਡਦੇਵ ਥਾਣੇ ਪਹੁੰਚਿਆ ਸੀ।



ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਤੀ-ਪਤਨੀ ਵਿਚਾਲੇ ਤਕਰਾਰ ਚੱਲ ਰਹੀ ਸੀ। ਬੁੱਧਵਾਰ ਨੂੰ ਵੀ ਦੋਵਾਂ 'ਚ ਝਗੜਾ ਹੋਇਆ ਸੀ ਅਤੇ ਝਗੜੇ ਕਾਰਨ ਪਤਨੀ ਅਚਾਨਕ ਗਾਇਬ ਹੋ ਗਈ ਸੀ। ਹਾਲਾਂਕਿ ਪੁਲਿਸ ਨੇ ਉਸਨੂੰ ਲੱਭ ਲਿਆ। ਪੁਲਿਸ ਇਸ ਬਾਰੇ ਦੋਵਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਦੋਵਾਂ ਨੂੰ ਥਾਣੇ ਬੁਲਾ ਲਿਆ।


ਸ਼ਾਮ ਨੂੰ ਜਦੋਂ ਪਤੀ ਬਿਆਨ ਦੇਣ ਲਈ ਥਾਣੇ ਪਹੁੰਚਿਆ ਤਾਂ ਪਤਨੀ ਨੂੰ ਉਥੇ ਖੜ੍ਹੀ ਦੇਖ ਕੇ ਪਤੀ ਨੂੰ ਗੁੱਸਾ ਚੜ੍ਹ ਗਿਆ ਅਤੇ ਉਸਨੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ।