ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਟਵੀਟ ਕੀਤਾ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਕਰੀਬ 2 ਵਜੇ ਫੋਨ ਕੀਤਾ। ਇਸ ਦੌਰਾਨ ਖਾਨ ਨੇ ਆਉਣ ਵਾਲੀ ਫਿਲਮ 'ਪਠਾਨ' ਦੀ ਰਿਲੀਜ਼ ਨੂੰ ਲੈ ਕੇ ਸੂਬੇ 'ਚ ਹੋ ਰਹੇ ਵਿਆਪਕ ਵਿਰੋਧ 'ਤੇ ਚਿੰਤਾ ਜ਼ਾਹਰ ਕੀਤੀ। ਹਿਮਾਂਤਾ ਬਿਸਵਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਖਾਨ ਨੂੰ ਭਰੋਸਾ ਦਿੱਤਾ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ 'ਪਠਾਨ' ਦੀ ਸਕ੍ਰੀਨਿੰਗ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਦਰਅਸਲ, ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਆਸਾਮ ਦੇ ਕਈ ਸ਼ਹਿਰਾਂ ਵਿੱਚ ਵੀ ਫਿਲਮ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਬਜਰੰਗ ਦਲ ਦੇ ਕਾਰਕੁਨ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨਾਂ 'ਚ ਉਤਰ ਆਏ ਹਨ। ਬਜਰੰਗ ਦਲ ਦੇ ਵਰਕਰਾਂ ਨੇ ਗੁਹਾਟੀ ਦੇ ਨਾਰੇਂਗੀ ਵਿੱਚ ਇੱਕ ਸਿਨੇਮਾ ਹਾਲ ਵਿੱਚ ਵੀ ਭੰਨਤੋੜ ਕੀਤੀ ਸੀ। ਇਸ ਦੌਰਾਨ ਫ਼ਿਲਮ ਦੇ ਪੋਸਟਰ ਵੀ ਸਾੜੇ ਗਏ।
ਦੋਵਾਂ ਵਿਚਾਲੇ ਕੀ ਹੋਈ ਗੱਲਬਾਤ ?
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਭਰੋਸਾ ਦਿਵਾਇਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੂਬਾ ਸਰਕਾਰ ਦਾ ਫਰਜ਼ ਹੈ। ਮਾਮਲੇ ਦੀ ਜਾਂਚ ਹੋਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਤੋਂ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਦੋਂ ਕਿ ਇਸ ਤੋਂ ਪਹਿਲਾਂ ਪਠਾਨ ਦੀ ਸਕ੍ਰੀਨਿੰਗ ਦੇ ਵਿਰੋਧ ਬਾਰੇ ਪੁੱਛੇ ਜਾਣ 'ਤੇ ਸ਼ਰਮਾ ਨੇ ਕਿਹਾ ਸੀ ਕਿ ਸ਼ਾਹਰੁਖ ਖਾਨ ਕੌਣ ਹਨ ? ਸਾਨੂੰ ਪਰਵਾਹ ਕਿਉਂ ਕਰਨੀ ਚਾਹੀਦੀ ਹੈ? ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਸ਼ਾਹਰੁਖ ਖਾਨ ਹਨ? ਉਸ ਨੇ ਇੱਥੋਂ ਤੱਕ ਕਿਹਾ ਕਿ ਉਸ ਨੇ 'ਪਠਾਨ' ਨਾਂ ਦੀ ਕਿਸੇ ਫ਼ਿਲਮ ਬਾਰੇ ਨਹੀਂ ਸੁਣਿਆ ਅਤੇ ਨਾ ਹੀ ਮੇਰੇ ਕੋਲ ਇਸ ਲਈ ਸਮਾਂ ਹੈ।