ਨਵੀਂ ਦਿੱਲੀ: ਕਰੀਬ ਦੋ ਸਾਲ ਪਹਿਲਾਂ ਦਿੱਲੀ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ (CAA) 'ਚ ਹੋਏ ਪ੍ਰਦਰਸ਼ਨ ਕਾਰਨ ਦੇਸ਼ ਭਰ 'ਚ ਸੁਰਖੀਆਂ 'ਚ ਆਇਆ ਸ਼ਾਹੀਨ ਬਾਗ (Shaheen Bagh) ਹੁਣ ਇੱਕ ਵਾਰ ਫਿਰ ਤੋਂ ਹੰਗਾਮੇ ਕਰਕੇ ਸੁਰਖੀਆਂ 'ਚ ਹੈ। ਦੱਸ ਦਈਏ ਕਿ ਇਸ ਵਾਰ ਹੰਗਾਮੇ ਦਾ ਕਾਰਨ ਬਣਿਆ ਹੈ ਐਮਸੀਡੀ ਦਾ ਬੁਲਡੋਜ਼ਰ। ਸੋਮਵਾਰ ਤੋਂ ਇੱਥੋਂ ਕਬਜੇ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਣੀ ਸੀ। ਇਸ ਲਈ ਜਿਵੇਂ ਹੀ ਐਮਸੀਡੀ ਦੇ ਬੁਲਡੋਜ਼ਰ (MCD bulldozers) ਸ਼ਾਹੀਨ ਬਾਗ ਪਹੁੰਚੇ ਤਾਂ ਹੰਗਾਮਾ ਸ਼ੁਰੂ ਹੋ ਗਿਆ।


ਲੋਕਾਂ ਦੇ ਵਿਰੋਧ ਤੋਂ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਐਮਸੀਡੀ ਦਾ ਬੁਲਡੋਜ਼ਰ ਵਾਪਸ ਚਲਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇੱਥੇ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਯਾਨੀ ਸੀਪੀਆਈਐਮ ਨੇ ਸ਼ਾਹੀਨ ਬਾਗ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਟੀਸ਼ਨ ਕਿਸੇ ਸਿਆਸੀ ਪਾਰਟੀ ਵੱਲੋਂ ਦਾਇਰ ਕੀਤੀ ਗਈ ਸੀ ਨਾ ਕਿ ਕਿਸੇ ਪ੍ਰਭਾਵਿਤ ਧਿਰ ਵੱਲੋਂ।


ਅਦਾਲਤ ਨੇ ਕਿਹਾ ਕਿ ਇਸ ਸਭ ਲਈ ਅਦਾਲਤ ਨੂੰ ਮੰਚ ਨਹੀਂ ਬਣਾਇਆ ਜਾਣਾ ਚਾਹੀਦਾ। ਅਦਾਲਤ ਨੇ ਕਬਜ਼ੇ ਹਟਾਉਣ ਦੀ ਮੁਹਿੰਮ ਤੋਂ ਪ੍ਰਭਾਵਿਤ ਲੋਕਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਪੁਲਿਸ ਫੋਰਸ ਨਾ ਮਿਲਣ ਕਾਰਨ ਸੋਮਵਾਰ ਨੂੰ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਹੋਣ 'ਤੇ ਸ਼ੱਕ ਸੀ ਪਰ ਕਰੀਬ 10.30 ਵਜੇ ਦਿੱਲੀ ਪੁਲਿਸ ਫੋਰਸ ਮੁਹੱਈਆ ਕਰਵਾਉਣ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਕਰੀਬ 11 ਵਜੇ ਐਮਸੀਡੀ ਦਾ ਬੁਲਡੋਜ਼ਰ ਸ਼ਾਹੀਨ ਬਾਗ ਦੀ ਮੁੱਖ ਸੜਕ ’ਤੇ ਪਹੁੰਚ ਗਿਆ।


ਇਸ ਦੇ ਨਾਲ ਹੀ ਸੋਮਵਾਰ ਨੂੰ ਲੋਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਉਹ ਵਿਰੋਧ ਲਈ ਬੁਲਡੋਜ਼ਰਾਂ ਅੱਗੇ ਲੰਬੇ ਪੈ ਗਏ। ਕੁਝ ਔਰਤਾਂ ਬੁਲਡੋਜ਼ਰ 'ਤੇ ਚੜ੍ਹ ਗਈਆਂ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਲੋਕ ਸੜਕਾਂ 'ਤੇ ਧਰਨੇ 'ਤੇ ਬੈਠ ਗਏ। ਹੰਗਾਮਾ ਵਧਦਾ ਦੇਖ ਪੁਲਿਸ ਨੇ ਲੋਕਾਂ ਨੂੰ ਉਥੋਂ ਹਟਾ ਦਿੱਤਾ। ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਇਸ ਦੇ ਬਾਵਜੂਦ ਕਾਰਵਾਈ ਦਾ ਵਿਰੋਧ ਜਾਰੀ ਰਿਹਾ। ਧਰਨੇ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਕਬਜ਼ੇ ਹਟਾਉਣ ਦੀ ਕਾਰਵਾਈ ਰੋਕ ਦਿੱਤੀ ਗਈ ਹੈ।