ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਭਾਰਤ ਪੁੱਜ ਗਏ ਹਨ। ਉਨ੍ਹਾਂ ਦਾ ਵਾਪਸੀ ਸਬੰਧੀ ਪੂਰੇ ਦੇਸ਼ ਵਿੱਚ ਤਿਓਹਾਰ ਵਰਗਾ ਮਾਹੌਲ ਹੈ। ਉਨ੍ਹਾਂ ਦੀ ਵਤਨ ਵਾਪਸੀ ’ਤੇ ਬੀਜੇਪੀ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ ਕੀਤੀ ਹੈ।

ਸ਼ੱਤਰੂਘਨ ਸਿਨ੍ਹਾ ਨੇ ਟਵੀਟ ਕੀਤਾ ਕਿ ਅਸੀਂ ਤਹਿ ਦਿਲ ਤੋਂ ਬਹਾਦੁਰ ਆਈਏਐਫ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਸਵਾਗਤ ਕਰਦੇ ਹਾਂ। ਭਾਰਤ ਸਰਕਾਰ ਦੇ ਗੰਭੀਰ ਯਤਨਾਂ ਦੀ ਵੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਕਿ ਇਮਰਾਨ ਖ਼ਾਨ ਦੇ ਸ਼ਾਂਤੀ ਪ੍ਰਤੀ ਕਦਮਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ।





ਦੱਸ ਦੇਈਏ ਕਿ 27 ਫਰਵਰੀ ਨੂੰ ਪਾਕਿਸਤਾਨੀ ਲੜਾਕੂ ਜਹਾਜ਼ F16 ਡੇਗਣ ਬਾਅਦ ਅਭਿਨੰਦਨ ਦਾ ਲੜਾਕੂ ਜਹਾਜ਼ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਦੇ ਬਾਅਦ ਅਭਿਨੰਦਨ ਦਾ ਪੈਰਾਸ਼ੂਟ PoK ਵਿੱਚ ਪਹੁੰਚ ਗਿਆ ਜਿੱਥੋਂ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਜ਼ਰੀਏ ਭਾਰਤੀ ਹਵਾਈ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ।