ਚੰਡੀਗੜ੍ਹ: ਸ਼ਿਵ ਸੈਨਾ ਦੇ ਲੀਡਰ ਨਿਸ਼ਾਂਤ ਸ਼ਰਮਾ ਰੋਪੜ ਜੇਲ੍ਹ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਕੈਦੀਆਂ ਨੇ ਅੱਜ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਆਰਐਸਐਸ ਲੀਡਰ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਨਜ਼ਰਬੰਦ ਰਮਨਦੀਪ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼ਰਮਾ ’ਤੇ ਹਮਲਾ ਕੀਤਾ। ਖਰੜ ਦੇ ਰਹਿਣ ਵਾਲੇ ਤੇ ਸ਼ਿਵ ਸੈਨਾ ਦੇ ਪ੍ਰਧਾਨ ਬਣੇ ਨਿਸ਼ਾਂਤ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਸਕਿਉਰਟੀ ਵੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਸ਼ਰਮਾ ਕਈ ਵਿਵਾਦਾਂ ਕਰਕੇ ਸੁਰਖ਼ੀਆਂ ਵਿੱਚ ਰਹਿ ਚੁੱਕਾ ਹੈ। ਉਸ ਨੇ ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਹਵਾਰਾ 'ਤੇ ਵੀ ਅਦਾਲਤ ਵਿੱਚ ਪੇਸ਼ੀ ਦੌਰਾਨ ਹਮਲਾ ਕੀਤਾ ਸੀ। ਇਸ ਦੌਰਾਨ ਹਵਾਰਾ ਨੇ ਸ਼ਰਮਾ ਨੂੰ ਚਪੇੜ ਮਾਰੀ ਸੀ। ਉਸ ਸਮੇਂ ਉਹ ਹਵਾਰਾ ਖ਼ਿਲਾਫ਼ ਕੁਝ ਸਮੂਹਾਂ ਵੱਲੋਂ ਕੀਤੇ ਜਾ ਰਹੇ ਧਰਨੇ ਦੀ ਅਗਵਾਈ ਕਰ ਰਿਹਾ ਸੀ।

ਕੱਲ੍ਹ ਹੀ ਰੋਪੜ ਅਦਾਲਤ ਨੇ ਸ਼ਰਮਾ ਨੂੰ ਧੋਖਾਧੜੀ ਦੇ ਕੇਸ ਵਿੱਚ ਚਾਰ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਕੱਲ੍ਹ ਹੀ ਰੋਪੜ ਜੇਲ੍ਹ ਭੇਜਿਆ ਗਿਆ ਸੀ। 2011 ਵਿੱਚ ਉਸ ਨੂੰ ਕੁਰਾਲੀ ਪੁਲਿਸ ਨੇ ਹਿਸਾਰ ਦੇ ਰਹਿਣ ਵਾਲੇ ਅਨਿਲ ਕੁਮਾਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਸੀ। ਅਨਿਲ ਮੁਤਾਬਕ ਨਿਸ਼ਾਂਤ ਤੇ ਉਸ ਦੇ ਤਿੰਨ ਸਾਥੀਆਂ ਨੇ ਉਸ ਨਾਲ 1.50 ਲੱਖ ਦੀ ਠੱਗੀ ਮਾਰੀ ਹੈ।

ਦਰਅਸਲ ਨਿਸ਼ਾਂਤ ਨੇ ਕਾਰ ਵੇਚਣ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ। ਅਨਿਲ ਨੇ ਨਿਸ਼ਾਂਤ ਨੂੰ ਕਾਰ ਲੈਣ ਲਈ 1.85 ਲੱਖ ਰੁਪਏ ਦਿੱਤੇ ਪਰ ਉਸ ਨੇ ਪੈਸੇ ਲੈ ਕੇ ਵੀ ਅਨਿਲ ਨੂੰ ਕਾਰ ਨਹੀਂ ਸੌਂਪੀ। ਉਸ ਨੇ ਅਨਿਲ ਨੂੰ ਮਹਿਜ਼ 35 ਹਜ਼ਾਰ ਰੁਪਏ ਹੀ ਵਾਪਸ ਕੀਤੇ ਤੇ ਬਾਕੀ ਡੇਢ ਲੱਖ ਵਾਪਸ ਕਰਨੋਂ ਸਾਫ ਇਨਕਾਰ ਕਰ ਦਿੱਤਾ। ਨਿਸ਼ਾਂਤ ਨਾਲ ਉਸ ਦੇ ਤਿੰਨ ਸਾਥੀ ਰਵੀ, ਵਿਕਾਸ ਤੇ ਰੋਹਿਤ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ।