Himachal Rains Cloudburst: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਮੁੜ ਤਬਾਹੀ ਮਚਾ ਰਿਹਾ ਹੈ। ਸੂਬੇ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸਮਰਹਿੱਲ ਸਥਿਤ ਸ਼ਿਵ ਮੰਦਿਰ 'ਚ ਸਵੇਰੇ 7:02 ਵਜੇ ਚਟਾਨਾਂ ਖਿਸਕਣ ਨਾਲ ਵੱਡਾ ਹਾਦਸਾ ਵਾਪਰਿਆ। 


ਇੱਥੇ ਸਾਵਣ ਦੇ ਆਖਰੀ ਸੋਮਵਾਰ ਨੂੰ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਸਨ। ਫਿਰ ਅਚਾਨਕ ਜ਼ਮੀਨ ਖਿਸਕ ਗਈ ਤੇ ਮੰਦਰ ਰੁੜ੍ਹ ਗਿਆ। ਹਾਸਲ ਜਾਣਕਾਰੀ ਅਨੁਸਾਰ 20 ਤੋਂ ਵੱਧ ਸ਼ਰਧਾਲੂ ਇਸ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ।


ਲਾਲ ਕੋਠੀ ਵਿੱਚ ਕੱਚੇ ਮਕਾਨ ਢਹਿ ਗਏ
ਇਸ ਤੋਂ ਇਲਾਵਾ ਫਾਗਲੀ ਵਾਰਡ ਦੇ ਲਾਲ ਕੋਠੀ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ 15 ਕੱਚੇ ਢਾਰੇ ਵਹਿ ਗਏ। ਇੱਥੇ ਵੀ 30 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਆਈਟੀਬੀਪੀ ਦੇ ਜਵਾਨ ਮੌਕੇ 'ਤੇ ਬਚਾਅ ਕਾਰਜ ਚਲਾ ਰਹੇ ਹਨ। ਪੂਰੇ ਸ਼ਹਿਰ ਵਿੱਚ ਸਥਿਤੀ ਬਹੁਤ ਖਰਾਬ ਹੈ। ਲਗਾਤਾਰ ਪੈ ਰਹੇ ਮੀਂਹ ਨੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।


ਮੰਡੀ ਜ਼ਿਲ੍ਹੇ ਵਿੱਚ ਵੀ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ ਹੈ। ਮੰਡੀ ਦੇ ਪਿੰਡ ਥੱਟਾ ਵਿੱਚ ਬੱਦਲ ਫਟਣ ਕਾਰਨ HRTC ਦੀ ਬੱਸ ਰੁੜ੍ਹ ਗਈ। ਇਹ ਬੱਸ 11 ਅਗਸਤ ਤੋਂ ਸੜਕ ਬੰਦ ਹੋਣ ਕਾਰਨ ਇੱਥੇ ਖੜ੍ਹੀ ਸੀ। ਅਚਾਨਕ ਬੱਦਲ ਫਟਣ ਕਾਰਨ ਬੱਸ ਸਮੇਤ ਹੋਰ ਵਾਹਨ ਵੀ ਵਹਿ ਗਏ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਦੱਸਿਆ ਕਿ ਬੱਸ ਨੰਬਰ ਐਚਪੀ-65-0139 ਬੱਦਲ ਫਟਣ ਕਾਰਨ ਰੁੜ੍ਹ ਗਈ। HRTC ਬੱਸ ਸਟਾਫ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਬੱਸ 47 ਸੀਟਰ ਸੀ।


ਦੂਜੇ ਪਾਸੇ ਕੰਡਾਘਾਟ ਦੇ ਐਸਡੀਐਮ ਸਿਧਾਰਥ ਆਚਾਰੀਆ ਨੇ ਦੱਸਿਆ ਕਿ ਸੋਲਨ ਦੇ ਕੰਡਾਘਾਟ ਉਪ ਮੰਡਲ ਦੇ ਜਾਦੋਨ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਪੰਜ ਨੂੰ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦੋ ਘਰ ਤੇ ਇੱਕ ਗਊਸ਼ਾਲਾ ਵੀ ਰੁੜ੍ਹ ਗਈ। ਪਹਿਲਾਂ ਮਰਨ ਵਾਲਿਆਂ ਦੀ ਗਿਣਤੀ ਪੰਜ ਸੀ, ਪਰ ਅਧਿਕਾਰੀਆਂ ਨੂੰ ਹੁਣ ਦੋ ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ।


ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਸੜਕਾਂ ਬੰਦ ਪਈਆਂ ਹਨ। ਘਰਾਂ ਵਿੱਚ ਨਾ ਤਾਂ ਬਿਜਲੀ ਹੈ ਤੇ ਨਾ ਹੀ ਪਾਣੀ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਬਚਾਅ ਕਾਰਜ ਚਲਾਉਣ 'ਚ ਕਾਫੀ ਦਿੱਕਤ ਆ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਜ਼ਰੂਰੀ ਨਾ ਹੋਣ 'ਤੇ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਸ਼ਿਮਲਾ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਵੀ ਬੰਦ ਹਨ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਵੀ ਰਾਜ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ।


ਇਸ ਹਾਦਸੇ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਟਵੀਟ ਵਿੱਚ, ਸੀਐਮ ਨੇ ਕਿਹਾ- ਸ਼ਿਮਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਸਮਰ ਹਿੱਲ ਵਿੱਚ "ਸ਼ਿਵ ਮੰਦਰ" ਭਾਰੀ ਮੀਂਹ ਕਾਰਨ ਢਹਿ ਗਿਆ। ਹੁਣ ਤੱਕ ਨੌਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਸਥਾਨਕ ਪ੍ਰਸ਼ਾਸਨ ਮਲਬੇ ਨੂੰ ਹਟਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਅਜੇ ਵੀ ਫਸੇ ਲੋਕਾਂ ਨੂੰ ਬਚਾਇਆ ਜਾ ਸਕੇ।