ਨਵੀਂ ਦਿੱਲੀ: 'ਸ਼ੂਟਰ ਦਾਦੀ' ਦੇ ਨਾਂ ਨਾਲ ਮਸ਼ਹੂਰ ਬਾਗਪਤ ਦੀ ਚੰਦਰੋ ਤੋਮਰ ਆਪਣੀ ਬਿਮਾਰੀ ਨਾਲ ਲੜ ਕੇ ਤੰਦਰੁਸਤ ਹੋ ਗਈ ਹੈ। 87 ਸਾਲ ਦੀ ਚੰਦਰੋ ਤੋਮਰ ਨੇ ਆਪਣੇ ਜੌਹਰੀ ਪਿੰਡ ਦੀਆਂ ਸੈਂਕੜੇ ਲੜਕੀਆਂ ਨੂੰ ਨਾ ਸਿਰਫ ਬੰਦੂਕ ਚਲਾਉਣੀ ਸਿਖਾਈ, ਬਲਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਲੜਕੀਆਂ ਵਿਸ਼ਵ ਪੱਧਰ 'ਤੇ ਆਪਣੇ ਜੌਹਰ ਦਿਖਾਉਣ ਲੱਗੀਆਂ ਹਨ। ਦੋ ਮਹੀਨੇ ਬਿਮਾਰ ਰਹਿਣ ਦੇ ਬਾਅਦ 14 ਜੂਨ ਨੂੰ ਦਾਦੀ ਕਮਜ਼ੋਰੀ ਕਰਕੇ ਘਰ ਵਿੱਚ ਹੀ ਡਿੱਗ ਪਈ ਸੀ। ਇਸ ਕਰਕੇ ਉਨ੍ਹਾਂ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸੱਜੇ ਹੱਥ ਦੀ ਹੱਡੀ ਟੁੱਟ ਗਈ ਸੀ।

ਚੰਦਰੋ ਤੋਮਰ ਐਤਵਾਰ ਨੂੰ ਜਦੋਂ ਇਲਾਜ ਕਰਵਾ ਕੇ ਵਾਪਸ ਆਈ ਤਾਂ ਪੂਰਾ ਪਿੰਡ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕਰ ਰਿਹਾ ਹੈ। ਉਨ੍ਹਾਂ ਦੀ ਜਜ਼ਬਾ ਇੰਨਾ ਹੈ ਕਿ ਉਨ੍ਹਾਂ ਪਿੰਡ ਵਾਲਿਆਂ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਹੀ ਕਿਹਾ, 'ਲੜਕੀ ਬਚਾਓ, ਲੜਕੀ ਪੜ੍ਹਾਓ ਤੇ ਲੜਕੀ ਖਿਡਾਓ ਵੀ। ਲੜਕੀਆਂ ਦੇਸ਼ ਦਾ ਨਾਂ ਕਰ ਰਹੀਆਂ ਹਨ ਤੇ ਹੋਰ ਅੱਗੇ ਕਰਨਗੀਆਂ ਵੀ। ਭਾਈ ਗਰੀਬ ਦੇ ਬੱਚਿਆਂ ਦੀ, ਲੜਕੀਆਂ ਦੇ ਲਈ ਕੰਮ ਕਰੋ। ਮੈਂ ਜਦੋਂ ਬੁਢਾਪੇ ਵਿੱਚ ਹਿੰਮਤ ਕਰ ਰਹੀ ਹਾਂ ਤਾਂ ਤੁਸੀਂ ਵੀ ਕਰੋ। ਇਨ੍ਹਾਂ ਨੂੰ ਧਾਕੜ ਬਣਾਓ, ਚੰਗਾ ਕੰਮ ਕਰੋ। ਚੰਗੇ ਕੰਮ ਨੂੰ ਘਮੰਡ ਨਾਲ ਨਾ ਕਰੋ।'

ਦੱਸ ਦੇਈਏ ਦਾਦੀ ਚੰਦਰੋ ਆਪਣੇ ਆਸ-ਪਾਸ ਦੇ ਇਲਾਕਿਆਂ ਦੇ ਇਲਾਵਾ ਦੂਰ ਦੇ ਖੇਤਰਾਂ ਦੇ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੀ ਹੈ। ਉਨ੍ਹਾਂ ਦੇ ਤਿਆਰ ਕੀਤੇ ਬੱਚਿਆਂ ਵਿੱਚੋਂ ਕਈ ਬੱਚੇ ਕੌਮੀ ਪੱਧਰ 'ਤੇ ਖੇਡ ਰਹੇ ਹਨ। ਉਨ੍ਹਾਂ ਦੀ ਖ਼ੁਦ ਦੀ ਧੀ ਕੌਮਾਂਤਰੀ ਸ਼ੁਟਰ ਹੈ। ਉਨ੍ਹਾਂ ਦੀ ਧੀ 2010 ਵਿੱਚ ਰਾਈਫਲ ਤੇ ਪਿਸਟਲ ਵਿਸ਼ਵ ਕੱਪ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਸੀ। ਉਨ੍ਹਾਂ ਦੀ ਪੋਤੀ ਨੀਤੂ ਸੋਲੰਕੀ ਵੀ ਕੌਮਾਂਤਰੀ ਸ਼ੂਟਰ ਹੈ।