Sidhu Moosewala Murder Case : ਪੰਜਾਬੀ ਗਾਇਕ (Punjabi Singer) ਸਿੱਧੂ ਮੂਸੇਵਾਲਾ ਕਤਲ (Sidhu Moosewala Murder Case) ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਫਰਾਰ ਗੈਂਗਸਟਰ ਦੀਪਕ ਟੀਨੂੰ (Gangster Deepak Tinu)  ਦੀ ਪ੍ਰੇਮਿਕਾ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਔਰਤ ਦੀ ਪਛਾਣ ਜਤਿੰਦਰ ਕੌਰ ਉਰਫ ਜੋਤੀ ਦਿਓਲ ਵਜੋਂ ਹੋਈ ਹੈ ਜੋ ਕਿ ਮੁੰਬਈ ਤੋਂ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। 

 

ਜਾਣਕਾਰੀ ਮੁਤਾਬਿਕ ਪੁਲੀਸ ਨੇ ਐਤਵਾਰ ਨੂੰ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਉਹ ਲੁਧਿਆਣਾ ਦੇ ਪਿੰਡ ਖੰਡੂਰ ਦੀ ਰਹਿਣ ਵਾਲੀ ਹੈ।  ਮਾਨਸਾ ਪੁਲੀਸ ਨੇ ਐਤਵਾਰ ਦੇਰ ਸ਼ਾਮ ਪਿੰਡ ਖੰਡੂਰ ਵਿੱਚ ਉਸ ਦੇ ਘਰ ਵੀ ਛਾਪਾ ਮਾਰਿਆ ਹੈ। ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿੱਚ ਮੁਲਜ਼ਮ ਜੋਤੀ ਨੇ ਅਹਿਮ ਭੂਮਿਕਾ ਨਿਭਾਈ ਸੀ। 

 

ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਪੰਜਾਬ ਪੁਲਿਸ ਤੇ ਏਜੀਟੀਐਫ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਸਾਥੀ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਅੱਗੇ ਲਿਖਿਆ ਕਿ ਜਦੋਂ ਗੈਂਗਸਟਰ ਫਰਾਰ ਹੋਇਆ ਸੀ ਤਾਂ ਇਹ ਮਹਿਲਾਂ ਮੁਲਜ਼ਮ ਉਸ ਨੇ ਨਾਲ ਸੀ ,ਜੋ ਕਿ ਮਾਲਦੀਵ ਜਾ ਰਹੀ ਸੀ। 

 

ਜਤਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਟੀਨੂੰ ਦੇ ਸੰਪਰਕ ਵਿੱਚ ਸੀ। ਟੀਨੂੰ ਨੂੰ ਗੋਇੰਦਵਾਲ ਜੇਲ੍ਹ ਵਿੱਚ ਹੀ ਮੋਬਾਈਲ ਮਿਲਿਆ ਸੀ, ਜਿਸ ਕਾਰਨ ਉਹ ਲਗਾਤਾਰ ਉਸ ਦੇ ਸੰਪਰਕ ਵਿੱਚ ਸੀ। ਇਸ ਦੇ ਨਾਲ ਹੀ ਜੇਲ੍ਹ ਵਿੱਚ ਮੌਜੂਦ ਤਿੰਨ-ਚਾਰ ਹੋਰ ਗੈਂਗਸਟਰਾਂ ਨੇ ਵੀ ਟੀਨੂੰ ਨੂੰ ਭੱਜਣ ਵਿੱਚ ਮਦਦ ਕੀਤੀ। ਗੋਲਡੀ ਬਰਾੜ ਟੀਨੂੰ ਨੂੰ ਵਿਦੇਸ਼ ਭੱਜਣ ਵਿਚ ਲਗਾਤਾਰ ਮਦਦ ਕਰ ਰਿਹਾ ਸੀ। ਪੁਲਿਸ ਟੀਨੂੰ ਦੀ ਦੂਜੀ ਪ੍ਰੇਮਿਕਾ ਦੀ ਭਾਲ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ।


ਦੱਸ ਦਈਏ ਕਿ ਤਕਰੀਬਨ ਇਕ ਹਫ਼ਤਾ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਗਿਰਫ਼ ਵਿੱਚੋਂ ਫਰਾਰ ਹੋ ਗਿਆ ਸੀ, ਜਿਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਭਜਾਉਣ ਵਿੱਚ ਐਸ.ਆਈ. ਪ੍ਰਿਤਪਾਲ ਨੇ ਉਸ ਦੀ ਮਦਦ ਕੀਤੀ ਸੀ, ਜਿਸ ਕਾਰਨ ਪ੍ਰਿਤਪਾਲ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ। ਪ੍ਰਿਤਪਾਲ ਨੇ ਕਈ ਖੁਲਾਸੇ ਕੀਤੇ ਹਨ ਕਿ ਉਹ ਗੈਂਗਸਟਰ ਟੀਨੂੰ ਨੂੰ ਉਸਦੀ ਪ੍ਰੇਮਿਕਾ ਨਾਲ ਮਿਲਵਾਉਣ ਲਈ ਲੈ ਕੇ ਗਿਆ ਸੀ ਅਤੇ ਜਿੱਥੇ ਉਹ ਪ੍ਰੇਮਿਕਾ ਨਾਲ ਉਸਦੀ ਕਾਰ ਵਿਚ ਫਰਾਰ ਹੋ ਗਿਆ।