ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਚਾਰੇ ਮੁਲਜ਼ਮ ਫਤਿਹਾਬਾਦ ਦੇ ਫੋਰਲੇਨ ਸਥਿਤ ਹੋਟਲ ਦੇ ਕਮਰੇ ਨੰਬਰ 207 ਵਿੱਚ ਠਹਿਰੇ ਹੋਏ ਸਨ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਨਾਲ ਹੋਟਲ ਵਿੱਚ ਇਹ ਕਮਰਾ ਬੁੱਕ ਕਰਵਾਇਆ ਸੀ। ਦਰਅਸਲ, ਇਸ ਕਮਰੇ ਦੇ ਨਾਲ ਹੀ ਹੋਟਲ ਦੀ ਛੱਤ ਤੱਕ ਜਾਣ ਵਾਲੀਆਂ ਪੌੜੀਆਂ ਬਣੀਆਂ ਹੋਈਆਂ ਹਨ। ਮੁਲਜ਼ਮ ਇਸ ਫ਼ਿਰਾਕ 'ਚ ਸੀ ਕਿ ਕਿਤੇ ਪੁਲੀਸ ਦੇ ਆਉਣ ਦੀ ਕੋਈ ਸੂਚਨਾ ਮਿਲੀ ਤਾਂ ਤੁਰੰਤ ਪੌੜੀਆਂ ਰਾਹੀਂ ਛੱਤ ਤੋਂ ਫਰਾਰ ਹੋ ਸਕਣ। ਪੁਲਿਸ ਇਸ ਮਾਮਲੇ ਵਿੱਚ ਹੋਰ ਸੁਰਾਗ ਜੁਟਾਉਣ ਵਿੱਚ ਲੱਗੀ ਹੋਈ ਹੈ।

 

ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਵਿੱਚ ਸ਼ਾਮਲ ਚਾਰੇ ਮੁਲਜ਼ਮ ਉਸੇ ਰਾਤ ਕਰੀਬ 12 ਵਜੇ ਫਤਿਹਾਬਾਦ ਦੇ ਫੋਰਲੇਨ ਸਥਿਤ ਇਸ ਹੋਟਲ ਵਿੱਚ ਪੁੱਜੇ ਸਨ। ਹੁਣ ਇਸ ਮਾਮਲੇ 'ਚ ਹੋਟਲ ਸੰਚਾਲਕ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਦੇ ਦੋ ਸਾਥੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ।


ਖੁਫੀਆ ਤੰਤਰ 'ਤੇ ਵੀ ਉੱਠ ਰਹੇ ਸਵਾਲ  


ਅਜਿਹੇ 'ਚ ਫਤਿਹਾਬਾਦ ਦੇ ਖੁਫੀਆ ਤੰਤਰ 'ਤੇ ਵੀ ਸਵਾਲੀਆਂ ਨਿਸ਼ਾਨ ਉੱਠ ਰਹੇ ਹਨ। 29 ਮਈ ਦੀ ਰਾਤ 12 ਵਜੇ ਤੋਂ ਲੈ ਕੇ 30 ਮਈ ਦੀ ਦੁਪਹਿਰ 2 ਵਜੇ ਤੱਕ ਮੁਲਜ਼ਮ ਫਤਿਹਾਬਾਦ ਦੇ ਹੋਟਲ ਵਿੱਚ ਆਰਾਮ ਨਾਲ ਰਹੇ ਅਤੇ ਪੁਲੀਸ ਅਤੇ ਖੁਫੀਆ ਤੰਤਰ ਦੀ ਨਜ਼ਰ ਵੀ ਨਹੀਂ ਲੱਗੀ। ਦਿੱਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਫਤਿਹਾਬਾਦ ਦੇ ਹੋਟਲ ਦਾ ਨਾਮ ਵੀ ਸਾਹਮਣੇ ਆਇਆ ਸੀ।

ਹਾਲਾਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਬਾਅਦ ਫਤਿਹਾਬਾਦ ਦੇ ਰਤੀਆ ਰੋਡ ਤੋਂ ਬੋਲੈਰੋ ਵਿੱਚ ਜਾਣ ਦਾ ਮਾਮਲਾ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਸੀ। ਪੰਜਾਬ ਪੁਲਿਸ ਨੇ ਪਿੰਡ ਭਿੜਦਾਣਾ ਵਿੱਚ ਦੋ ਨੌਜਵਾਨਾਂ ਪਵਨ ਅਤੇ ਨਸੀਬ ਖਾਨ ਨੂੰ ਬੋਲੈਰੋ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।