Sikkim Cloud Burst: ਸਿੱਕਮ 'ਚ ਬੱਦਲ ਫਟਣ ਕਾਰਨ ਅਚਾਨਕ ਆਈ ਕੁਦਰਤੀ ਆਫ਼ਤ ਕਰਕੇ ਹੁਣ ਤੱਕ 5 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ 40 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਬੁੱਧਵਾਰ (4 ਅਕਤੂਬਰ) ਨੂੰ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲ ਕੀਤੀ।
ਪੀਐਮ ਮੋਦੀ ਨੇ ਆਪਣੇ ਅਧਿਕਾਰਿਕ X ਹੈਂਡਲ ਤੋਂ ਪੋਸਟ ਕੀਤਾ, “ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲ ਕੀਤੀ ਅਤੇ ਰਾਜ ਦੇ ਕੁਝ ਹਿੱਸਿਆਂ ਵਿੱਚ ਮੰਦਭਾਗੀ ਕੁਦਰਤੀ ਆਫ਼ਤ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ। ਚੁਣੌਤੀ ਨਾਲ ਨਜਿੱਠਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮੈਂ ਪ੍ਰਭਾਵਿਤ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।''
ਇਸ ਤਬਾਹੀ ਕਾਰਨ ਪੰਜ ਪੁਲ ਢਹਿ ਗਏ ਹਨ, ਜਿਨ੍ਹਾਂ ਵਿੱਚ ਮੰਗਤਮ ਝੀਲ ਦਾ ਪੁਲ, ਸਿੰਘਤਾਮ ਦਾ ਇੰਦਰਾਣੀ ਪੁਲ, ਸ਼ੇਰਵਾਨੀ ਪੁਲ, ਲਿੰਗੀ ਪੁਲ ਅਤੇ ਜੰਗੂ ਪੁਲ ਸ਼ਾਮਲ ਹਨ। ਚੁੰਗਥਾਨ ਵਿੱਚ 1200 ਮੈਗਾਵਾਟ ਦਾ ਤੀਸਤਾ ਐਨਰਜੀ ਡੈਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਿੰਘਤਮ ਵਿੱਚ NHPC ਡੈਮ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: Punjab News : ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਖਾਰਿਜ
ਸਿੱਕਮ 'ਚ ਕਿੱਥੇ ਫਟਿਆ ਬੱਦਲ, ਹੁਣ ਤੱਕ ਕਿੰਨੀਆਂ ਲਾਸ਼ਾਂ ਬਰਾਮਦ?
ਤੁਹਾਨੂੰ ਦੱਸ ਦਈਏ ਕਿ ਸਿੱਕਮ ਦੇ ਉੱਤਰੀ ਇਲਾਕੇ 'ਚ ਲਹੋਨਕ ਝੀਲ 'ਤੇ ਬੱਦਲ ਫਟ ਗਿਆ, ਜਿਸ ਕਾਰਨ ਲਾਚੇਨ ਘਾਟੀ 'ਚੋਂ ਲੰਘਣ ਵਾਲੀ ਤੀਸਤਾ ਨਦੀ 'ਚ ਅਚਾਨਕ ਹੜ੍ਹ ਆ ਗਿਆ। ਇਸ ਹਾਦਸੇ 'ਚ ਫੌਜ ਦੇ 23 ਜਵਾਨ ਲਾਪਤਾ ਹੋ ਗਏ ਸਨ। ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਲਾਸ਼ਾਂ ਫੌਜ ਦੇ ਜਵਾਨਾਂ ਦੀਆਂ ਹਨ ਜਾਂ ਆਮ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਦੂਜੇ ਪਾਸੇ ਅਧਿਕਾਰੀਆਂ ਨੇ ਬੁੱਧਵਾਰ (4 ਅਕਤੂਬਰ) ਨੂੰ ਦੱਸਿਆ ਕਿ ਅਚਾਨਕ ਹੜ੍ਹ ਅਤੇ ਡੈਮ ਤੋਂ ਪਾਣੀ ਛੱਡਣ ਕਾਰਨ ਸਥਿਤੀ ਵਿਗੜ ਗਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਹੜ੍ਹ ਆਇਆ।