ਸਿਰਸਾ: ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਸਿਰਸਾ ਦਾ ਫੌਜੀ ਜਵਾਨ ਗੋਲੀ ਲੱਗਣ ਮਗਰੋਂ ਸ਼ਹੀਦ ਹੋ ਗਿਆ।ਸਿਰਸਾ ਦੇ ਪਿੰਡ ਭਾਵਦੀਨ ਦਾ ਜਵਾਨ ਨਿਸ਼ਾਨ ਸਿੰਘ ਸ਼ਹੀਦ ਹੋ ਗਿਆ। ਜਵਾਨ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਸਿਰਸਾ ਦੇ ਪਿੰਡ ਭਾਵਦੀਨ ਪਹੁੰਚੀ। ਪਿੰਡ ਦੇ ਅੱਡੇ ਤੋਂ ਸੈਂਕੜੇ ਦੀ ਗਿਣਤੀ ਵਿੱਚ ਪਿੰਡ ਦੇ ਲੋਕ ਫੌਜੀ ਦੇਹ ਨੂੰ ਲੈ ਕੇ ਘਰ ਪਹੁੰਚੇ।
ਸ਼ਹੀਦ ਦੀ ਸ਼ਹਾਦਤ ਮੌਕੇ ਪੂਰੇ ਪਿੰਡ ਦੀਆਂ ਦੁਕਾਨਾਂ ਬੰਦ ਰਹੀਆਂ।ਹਰ ਕੋਈ ਨਮ ਅੱਖਾਂ ਨਾਲ ਸ਼ਹੀਦ ਨਿਸ਼ਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਾ ਨਜ਼ਰ ਆਇਆ।ਸਿਰਸਾ ਜ਼ਿਲ੍ਹੇ ਦੇ ਸਿਆਸੀ ਤੇ ਸਮਾਜਿਕ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪੁੱਜੇ। ਸ਼ਨੀਵਾਰ ਸ਼ਾਮ ਨੂੰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪੁੱਤਰ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਬਣ ਗਿਆ। ਸ਼ਹੀਦ ਜਵਾਨ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਸ਼ਹੀਦ ਨਿਸ਼ਾਨ ਸਿੰਘ ਆਪਣੇ ਪਿੱਛੇ ਪਤਨੀ ਛੱਡ ਗਿਆ ਹੈ ਜਿਸ ਨਾਲ ਉਸਦਾ ਕਰੀਬ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਮ੍ਰਿਤਕ ਦੇਹ ਪੁੱਜਣ ਤੋਂ ਬਾਅਦ ਪਿੰਡ ਭਾਵਦੀਨ ਸ਼ਹੀਦ ਨਿਸ਼ਾਨ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉਠਿਆ। ਨਿਸ਼ਾਨ ਸਿੰਘ ਸਾਲ 2013 ਵਿੱਚ 19 ਰਾਸ਼ਟਰੀ ਰਾਈਫਲਜ਼ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ। ਨਿਸ਼ਾਨ ਸਿੰਘ ਦੇ ਪਿਤਾ ਸੇਵਾ ਸਿੰਘ ਪਸ਼ੂਆਂ ਦੇ ਡਾਕਟਰ ਸੀ ਜੋ ਹੁਣ ਸੇਵਾ-ਮੁਕਤ ਹਨ। ਚਾਰ ਦਿਨ ਪਹਿਲਾਂ ਅਨੰਤਨਾਗ ਵਿੱਚ ਫੌਜ ਨੇ ਆਲ ਆਪਰੇਸ਼ਨ ਚਲਾਇਆ ਸੀ। ਇਸ ਦੌਰਾਨ ਫੌਜ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਨਿਸ਼ਾਨ ਸਿੰਘ ਇਸ ਆਪਰੇਸ਼ਨ ਦਾ ਹਿੱਸਾ ਸੀ। ਇਸ ਦੌਰਾਨ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਿਆ। ਨਿਸ਼ਾਨ ਸਿੰਘ ਦਾ ਵਿਆਹ ਦੋ ਮਹੀਨੇ ਪਹਿਲਾਂ 18 ਫਰਵਰੀ ਨੂੰ ਹੋਇਆ ਸੀ। ਨਿਸ਼ਾਨ ਨੇ ਦੋ ਦਿਨ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਸੀ। ਨਿਸ਼ਾਨ ਸਿੰਘ ਨੇ ਮਾਤਾ ਪ੍ਰਕਾਸ਼ ਕੌਰ ਨੂੰ ਕਿਹਾ ਸੀ ਕਿ ਉਸ ਨੂੰ ਜਲਦੀ ਛੁੱਟੀ ਨਹੀਂ ਮਿਲੇਗੀ। ਉਹ ਜੂਨ ਦੇ ਆਸਪਾਸ ਘਰ ਆਵੇਗਾ।
ਸ਼ਹੀਦ ਨਿਸ਼ਾਨ ਸਿੰਘ ਦੇ ਪਿਤਾ ਸੇਵਾ ਸਿੰਘ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋਇਆ ਹੈ। ਸ਼ਹੀਦ ਨਿਸ਼ਾਨ ਸਿੰਘ ਦੇ ਪਿਤਾ ਸੇਵਾ ਸਿੰਘ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੀ ਬਚਪਨ ਤੋਂ ਹੀ ਫੌਜ ਵਿਚ ਭਰਤੀ ਹੋਣ ਦੀ ਇੱਛਾ ਸੀ, ਅਸੀਂ ਚਾਹੁੰਦੇ ਸੀ ਕਿ ਉਹ ਪੁਲਿਸ ਵਿਚ ਭਰਤੀ ਹੋਵੇ।ਪਿਤਾ ਨੇ ਦੱਸਿਆ ਕਿ ਬੀਤੇ ਦਿਨ ਨਿਸ਼ਾਨ ਸਿੰਘ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ।