ਰਾਜਸਥਾਨ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਾਜੇਂਦਰ ਗੁੜਾ ਦਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਰਾਜੇਂਦਰ ਗੁੜਾ ਨੇ ਝੁੰਝੁਨੂ 'ਚ ਭਗਵਾਨ ਰਾਮ ਅਤੇ ਮਾਤਾ ਸੀਤਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਰਾਜੇਂਦਰ ਗੁੜਾ ਨੇ ਕਿਹਾ ਕਿ ਮਾਤਾ ਸੀਤਾ ਬਹੁਤ ਸੁੰਦਰ ਸੀ। ਰਾਜਿੰਦਰ ਗੁੜਾ ਨੇ ਕਿਹਾ ਕਿ ਸੀਤਾ ਦੀ ਇਸ ਸੁੰਦਰਤਾ ਪਿੱਛੇ ਭਗਵਾਨ ਰਾਮ ਅਤੇ ਰਾਵਣ ਪਾਗਲ ਸਨ। 






ਮਾਂ ਸੀਤਾ ਅਤੇ ਭਗਵਾਨ ਰਾਮ ਬਾਰੇ ਰਾਜੇਂਦਰ ਗੁੜਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਭਾਜਪਾ ਗੁੱਸੇ 'ਚ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹ ਕਿ ਇਸ ਬਿਆਨ ਨੇ ਕਾਂਗਰਸ ਦਾ ਅਸਲ ਹਿੰਦੂ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਸ਼ਹਿਜ਼ਾਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਭਗਵਾਨ ਰਾਮ ਦੀ ਹੋਂਦ 'ਤੇ ਹੀ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਰਾਮ ਮੰਦਰ ਅਤੇ ਹਿੰਦੂ ਅੱਤਵਾਦ ਦੀ ਗੱਲ ਵੀ ਕੀਤੀ। ਭਾਜਪਾ ਦੇ ਬੁਲਾਰੇ ਨੇ ਅਸ਼ੋਕ ਗਹਿਲੋਤ ਸਰਕਾਰ ਤੋਂ ਮੰਤਰੀ ਰਾਜੇਂਦਰ ਗੁੜਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।


ਜ਼ਿਕਰ ਕਰ ਦਈਏ ਕਿ ਗਹਿਲੋਤ ਸਰਕਾਰ 'ਚ ਮੰਤਰੀ ਰਾਜੇਂਦਰ ਗੁੜਾ ਨੇ ਪਹਿਲੀ ਵਾਰ ਕੋਈ ਵਿਵਾਦਿਤ ਬਿਆਨ ਨਹੀਂ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੇ ਇਸ ਤਰ੍ਹਾਂ ਦੇ ਬਿਆਨਾਂ ਨਾਲ ਚਰਚਾ 'ਚ ਰਹਿ ਚੁੱਕੇ ਹਨ। ਪਿਛਲੇ ਦਿਨੀਂ ਰਾਜੇਂਦਰ ਗੁੜਾ ਨੇ ਆਪਣੇ ਹਲਕੇ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਇਲਾਕੇ ਦੀਆਂ ਸੜਕਾਂ ਨੂੰ ਕੈਟਰੀਨਾ ਕੈਫ ਦੀਆਂ ਗੱਲ੍ਹਾਂ ਵਰਗੀਆਂ ਬਣਾਉਣੀਆਂ ਪੈਣਗੀਆਂ। ਪਹਿਲਾਂ ਉਨ੍ਹਾਂ ਕਿਹਾ ਕਿ ਸੜਕਾਂ ਹੇਮਾ ਮਾਲਿਨੀ ਦੀ ਗੱਲ੍ਹਾਂ ਵਰਗੀਆਂ ਹੋਣੀਆਂ ਚਾਹੀਦੀਆਂ ਹਨ, ਪਰ ਬਾਅਦ ਵਿੱਚ ਕਿਹਾ ਕਿ ਹੇਮਾ ਮਾਲਿਨੀ ਬੁੱਢੀ ਹੋ ਗਈ ਹੈ। ਇਸ ਤੋਂ ਪਹਿਲਾਂ ਇੱਕ ਵਾਰ ਰਾਜੇਂਦਰ ਨੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਜਿਸ ਪਾਰਟੀ ਤੋਂ ਉਹ ਚੋਣ ਲੜਦੇ ਹਨ, ਉਸ ਪਾਰਟੀ ਵਿੱਚ ਉਮੀਦਵਾਰਾਂ ਨੂੰ ਫੰਡ ਨਹੀਂ ਦਿੱਤੇ ਜਾਂਦੇ, ਉਨ੍ਹਾਂ ਤੋਂ ਲਏ ਜਾਂਦੇ ਹਨ।