ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਕਿਸਾਨਾਂ ਉੱਤੇ ਗੱਡੀਆਂ ਚੜ੍ਹਨ ਨਾਲ 5 ਮੌਤਾਂ ਹੋਈਆਂ ਹਨ।ਲਖਨਊ ਤੋਂ 130 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੂਨੀਆਂ ਨਾਮੀ ਥਾਂ ਉੱਤੇ ਵਾਪਰੀ ਹੈ।ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਤੇ ਇਲਜ਼ਾਮ ਹਨ ਕਿ ਉਸਨੇ ਕਿਸਾਨਾਂ ਤੇ ਗੱਡੀ ਚੜ੍ਹਾਈ ਹੈ, ਪਰ ਮਿਸ਼ਰਾ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਿਸ਼ਰਾ ਨੇ ਕਿਹਾ ਕਿ "ਮੇਰਾ ਬੇਟਾ ਘਟਨਾ ਵਾਲੀ ਥਾਂ ਮੌਜੂਦ ਨਹੀਂ ਸੀ"।
ਜਿਲ੍ਹਾ ਅਧਿਕਾਰੀ ਡਾਕਟਰ ਅਰਵਿੰਦ ਚੌਰਸੀਆ ਨੇ 5 ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 2 ਕਿਸਾਨਾਂ ਦੀ ਮੌਤ ਗੱਡੀ ਵਲੋਂ ਕੁਚਲੇ ਜਾਣ ਕਰਕੇ ਹੋਈ ਹੈ ਅਤੇ 3 ਜਣੇ ਗੱਡੀਆਂ ਪਲਟਣ ਦੌਰਾਨ ਮਾਰੇ ਗਏ ਹਨ।
ਹਾਦਸੇ ਤੋਂ ਬਾਅਦ ਕਿਸਾਨ ਗੁੱਸੇ ਵਿੱਚ ਹਨ। ਲਖੀਮਪੁਰ ਖੀਰੀ ਦੇ ਡੀਐਮ ਅਰਵਿੰਦ ਚੌਰਸੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਬਹੁਤ ਤਣਾਅਪੂਰਨ ਹੈ।ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਲਖੀਮਪੁਰ ਪਹੁੰਚਣ ਦਾ ਸੱਦਾ ਦਿੱਤਾ ਹੈ। ਹਜ਼ਾਰਾਂ ਕਿਸਾਨ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਹਨ। ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਅਭੈ ਮਿਸ਼ਰਾ ਮੋਨੂੰ 'ਤੇ ਕਾਰ ਨਾਲ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਗੋਲੀਬਾਰੀ ਕਰਨ ਦੇ ਦੋਸ਼ ਵੀ ਲਾਏ ਹਨ।
ਇਸ ਤੋਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਸਮਰਥਕਾਂ ਦੇ ਕਥਿਤ ਵਾਹਨ ਨਾਲ ਟਕਰਾਉਣ ਕਾਰਨ ਦੋ ਕਿਸਾਨ ਜ਼ਖਮੀ ਹੋ ਗਏ ਸਨ। ਗੁੱਸੇ ਵਿੱਚ ਆਏ ਕਿਸਾਨਾਂ ਨੇ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੋ ਵਾਹਨਾਂ ਨੂੰ ਸਾੜਿਆ ਗਿਆ ਸੀ, ਉਨ੍ਹਾਂ ਵਿੱਚੋਂ ਇੱਕ ਵਾਹਨ ਕੇਂਦਰੀ ਮੰਤਰੀ ਦੇ ਪੁੱਤਰ ਦਾ ਸੀ। ਖ਼ਬਰ ਇਹ ਵੀ ਹੈ ਕਿ ਕੱਲ੍ਹ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਲਖੀਮਪੁਰ ਖੀਰੀ ਜਾ ਸਕਦੀ ਹੈ।
ਕਿਸਾਨ ਮੋਰਚਾ ਨੇ ਮਾਰੇ ਗਏ ਕਿਸਾਨਾਂ ਦੀ ਸੂਚੀ ਜਾਰੀ ਕੀਤੀ
ਸੰਯੁਕਤ ਕਿਸਾਨ ਮੋਰਚਾ ਨੇ ਲਖੀਮਪੁਰ ਘਟਨਾ ਵਿੱਚ ਮਾਰੇ ਗਏ ਕਿਸਾਨਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਹਾਲਾਂਕਿ, ਸਿਰਫ 4 ਕਿਸਾਨਾਂ ਦੀ ਮੌਤ ਦੇ ਵੇਰਵੇ ਉਪਲਬਧ ਕਰਾਏ ਗਏ ਹਨ...
ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਪਿੰਡ - ਮਕਰੌਨੀਆ ਨਾਨਪਾਰਾ, ਉਮਰ 20 ਸਾਲ
ਦਲਜੀਤ ਸਿੰਘ ਪੁੱਤਰ ਹਰੀ ਸਿੰਘ, ਪਿੰਡ - ਬੰਜਾਰਾ ਠੱਟਾ ਨਾਨਪਾਰਾ, ਉਮਰ 35 ਸਾਲ
ਨਛੱਤਰ ਸਿੰਘ ਪੁੱਤਰ ਸੂਬਾ ਸਿੰਘ, ਪਿੰਡ - ਨਵਾਂਪੁਰਵਾ ਧੌਹਰਾ, ਉਮਰ 65 ਸਾਲ
ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਚੌਕੜਾ, ਪਿੰਡ - ਪਾਲੀਆਕਲਾ ਉਮਰ 20 ਸਾਲ
ਰਾਹੁਲ ਗਾਂਧੀ ਨੇ ਕੀ ਕਿਹਾ?
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, “ਜੋ ਵੀ ਇਸ ਅਣਮਨੁੱਖੀ ਕਤਲੇਆਮ ਨੂੰ ਵੇਖ ਕੇ ਚੁੱਪ ਹੈ, ਉਹ ਪਹਿਲਾਂ ਹੀ ਮਰ ਚੁੱਕਾ ਹੈ। ਪਰ ਅਸੀਂ ਇਸ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ - ਕਿਸਾਨ ਸੱਤਿਆਗ੍ਰਹਿ ਜ਼ਿੰਦਾਬਾਦ! ”
ਪ੍ਰਿਅੰਕਾ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ
ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ, '' ਭਾਜਪਾ ਦੇਸ਼ ਦੇ ਕਿਸਾਨਾਂ ਨਾਲ ਕਿੰਨੀ ਨਫ਼ਰਤ ਕਰਦੀ ਹੈ? ਕੀ ਉਨ੍ਹਾਂ ਨੂੰ ਜੀਣ ਦਾ ਅਧਿਕਾਰ ਨਹੀਂ ਹੈ? ਜੇ ਉਹ ਅਵਾਜ਼ ਉਠਾਉਂਦੇ ਹਨ, ਤਾਂ ਕੀ ਤੁਸੀਂ ਉਨ੍ਹਾਂ ਨੂੰ ਗੋਲੀ ਮਾਰੋਗੇ, ਕਾਰ ਹੇਠ ਕੁਚਲੋਗੇ? ਬਹੁਤ ਹੋਇਆ। ਇਹ ਕਿਸਾਨਾਂ ਦਾ ਦੇਸ਼ ਹੈ, ਨਾ ਕਿ ਭਾਜਪਾ ਦੀ ਵਹਿਸ਼ੀ ਵਿਚਾਰਧਾਰਾ ਦੀ ਜਗੀਰ। ਕਿਸਾਨ ਸੱਤਿਆਗ੍ਰਹਿ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਕਿਸਾਨ ਦੀ ਆਵਾਜ਼ ਉੱਚੀ ਹੋਵੇਗੀ। ”
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ ਨੂੰ ਘੇਰਿਆ
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਮੋਦੀ ਸਰਕਾਰ ਕਿਸਾਨਾਂ ਦੇ ਖੂਨ ਦੀ ਇੰਨੀ ਪਿਆਸੀ ਹੋ ਗਈ ਹੈ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਲਖੀਮਪੁਰ ਖੀਰੀ ਵਿੱਚ ਬੇਰਹਿਮੀ ਨਾਲ ਆਪਣੀ ਕਾਰ ਨਾਲ ਕਈ ਕਿਸਾਨਾਂ ਨੂੰ ਕੁਚਲ ਦਿੱਤਾ। ਕਰਨਾਲ ਤੋਂ ਲਖੀਮਪੁਰ ਖੀਰੀ ਤੱਕ ਤੁਹਾਡੀ ਸੱਤਾ ਨੇ ਇੱਕ "ਖੂਨੀ ਤਾਂਡਵ" ਮਚਾ ਰੱਖਿਆ ਹੈ। ਫੋਟੋਆਂ ਭਿਆਨਕ ਹਨ ਪਰ ਭਾਜਪਾ ਦਾ ਸੱਚ ਦਿਖਾਉਂਦੀਆਂ ਹਨ। "
ਇਸ ਘਟਨਾ ਤੇ ਪ੍ਰਤੀਕਿਰਆ ਦਿੰਦੇ ਹੋਏ ਨਵਜੋਤ ਸਿੱਧੂ ਨੇ ਕਿਹਾ, "ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ... ਨਿਰਦੋਸ਼ ਕਿਸਾਨਾਂ ਦੀ ਹੱਤਿਆ ਲਈ ਕੇਂਦਰੀ ਮੰਤਰੀ ਦੇ ਪੁੱਤਰ ਦੇ ਵਿਰੁੱਧ ਆਈਪੀਸੀ ਦੀ ਧਾਰਾ 302 ਦੇ ਤਹਿਤ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ, ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਹਿਸ਼ੀ ਕਾਰਵਾਈ ਲਈ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ !!"
ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ, "ਆਸ਼ੀਸ਼ ਮਿਸ਼ਰਾ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ. ਅੰਨਾਦਾਤਾ ਵਿਰੁੱਧ ਅਜਿਹੀ ਬੇਰਹਿਮੀ ਅਸਹਿਣਯੋਗ ਹੈ।"