ਨਵੀਂ ਦਿੱਲੀ: ਬੀਜੇਪੀ ਨੇ ਆਪਣੀ ਭਾਈਵਾਲ ਪਾਰਟੀ ਜਨਤਾ ਦਲ (ਯੂਨਾਈਟਿਡ) ਨੂੰ ਵੱਡਾ ਝਟਕਾ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ’ਚ ਜਨਤਾ ਦਲ (ਯੂਨਾਈਟਿਡ) ਦੇ ਸੱਤ ਵਿੱਚੋਂ ਛੇ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਰਾਜ ਵਿੱਚ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਹਾਲੀਆ ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ, ਹਮ ਤੇ ਵੀਆਈਪੀ ਦੀ ਮਦਦ ਨਾਲ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣੇ ਹਨ। ਹੁਣ ਨਿਤਿਸ਼ ਕੁਮਾਰ ਦੀ ਪਾਰਟੀ ਦੇ ਛੇ ਵਿਧਾਇਕ ਅਰੁਣਾਚਲ ’ਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।


ਪੀਪਲਜ਼ ਪਾਰਟੀ ਆਫ਼ ਅਰੁਣਾਚਲ ਦੇ ਲਿਕਾਬਾਲੀ ਚੋਣ ਹਲਕੇ ਤੋਂ ਵਿਧਾਇਕ ਕਰਦੋ ਨਿਗਯੋਰ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਪੰਚਾਇਤ ਤੇ ਨਗਰ ਨਿਗਮ ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਹੈ। ਰਮਗੋਂਗ ਵਿਧਾਨ ਸਭਾ ਹਲਕੇ ਦੇ ਤਾਲੀਮ ਤਬੋਹ, ਚਾਯਾਂਗਤਾਓ ਦੇ ਹੇਯੇਂਗ ਮੰਗਫ਼ੀ, ਤਾਲੀ ਦੇ ਜਿੱਕੇ ਤਾਕੋ, ਕਲਾਕਤੰਗ ਦੇ ਦੋਰਜੀ ਵਾਂਗਦੀ ਖਰਮਾ, ਬੋਮਡਿਲਾ ਦੇ ਡੋਂਗਰੂ ਸਿਯਨਗਜੂ ਤੇ ਮਾਰੀਆਂਗ–ਗੇਕੂ ਚੋਣ ਹਲਕੇ ਦੇ ਕਾਂਗਗੋਂਗ ਟਾਕੂ ਭਾਜਪਾ ’ਚ ਸ਼ਾਮਲ ਹੋ ਗਏ ਹਨ।

ਜੇਡੀਯੂ ਨੇ 26 ਨਵੰਬਰ ਨੂੰ ਸਿਯਨਗਜੂ, ਖਰਮਾ ਤੇ ਟਾਕੂ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਲਈ ‘ਕਾਰਣ ਦੱਸੋ ਨੋਟਿਸ’ ਜਾਰੀ ਕੀਤਾ ਸੀ ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜੇਡੀਯੂ ਦੇ ਇਨ੍ਹਾਂ ਛੇ ਵਿਧਾਇਕਾਂ ਨੇ ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਕਥਿਤ ਤੌਰ ਉੱਤੇ ਦੱਸੇ ਬਿਨਾ ਤਾਲੀਮ ਤਬੋਹ ਨੂੰ ਵਿਧਾਇਕ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਸੀ। ਪੀਪੀਏ ਵਿਧਾਇਕ ਨੂੰ ਵੀ ਖੇਤਰੀ ਪਾਰਟੀ ਨੇ ਇਸ ਮਹੀਨੇ ਦੀ ਸ਼ੁਰੂ ’ਚ ਮੁਅੱਤਲ ਕਰ ਦਿੱਤਾ ਸੀ।

ਅਰੁਣਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਬੀਆਰ ਵਾਘੇ ਨੇ ਕਿਹਾ ਕਿ ਅਸੀਂ ਪਾਰਟੀ ’ਚ ਸ਼ਾਮਲ ਹੋਣ ਦੀਆਂ ਉਨ੍ਹਾਂ ਦੀਆਂ ਚਿੱਠੀਆਂ ਨੂੰ ਪ੍ਰਵਾਨ ਕਰ ਲਿਆ ਹੈ।