ਨਵੀਂ ਦਿੱਲੀ: ਕਾਂਗਰਸ ਦੇ ਗੜ੍ਹ ਅਮੇਠੀ ਵਿੱਚ ਭਾਜਪਾ ਦਾ ਪਰਚਮ ਲਹਿਰਾਉਣ ਵਾਲੀ ਸਮ੍ਰਿਤੀ ਇਰਾਨੀ ਦੀਆਂ ਖੁਸ਼ੀਆਂ ਬਹੁਤਾ ਸਮਾਂ ਨਾ ਚੱਲੀਆਂ। ਇਨ੍ਹਾਂ ਖੁਸ਼ੀਆਂ ਵਿੱਚ ਉਦੋਂ ਫਿੱਕ ਪੈ ਗਈ ਜਦ ਸਮ੍ਰਿਤੀ ਇਰਾਨੀ ਦੇ ਕਰੀਬੀ ਤੇ ਬਰੌਲੀਆ ਪਿੰਡ ਦੇ ਸਾਬਕਾ ਗ੍ਰਾਮ ਪ੍ਰਧਾਨ ਸੁਰੇਂਦਰ ਸਿੰਘ ਦਾ ਕਤਲ ਹੋ ਗਿਆ।


ਸੁਰੇਂਦਰ ਸਿੰਘ ਸਮ੍ਰਿਤੀ ਇਰਾਨੀ ਦੀ ਜਿੱਤ ਦਾ ਜਸ਼ਨ ਮਨਾ ਕੇ ਘਰ ਵਾਪਸ ਪਰਤਿਆ ਸੀ, ਉਦੋਂ ਹੀ ਕੁਝ ਬਦਮਾਸ਼ਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਭਾਜਪਾ ਲੀਡਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਮਗਰੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਅਮੇਠੀ ਦੇ ਐਸਐਸਪੀ ਦਇਆ ਰਾਮ ਨੇ ਦੱਸਿਆ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਘਰ ਦੇ ਬਾਹਰ ਸੌਂ ਰਹੇ ਸੁਰੇਂਦਰ ਸਿੰਘ 'ਤੇ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਦਿੱਤੀਆਂ। ਜ਼ਖ਼ਮੀ ਹਾਲਤ ਵਿੱਚ ਸੁਰੇਂਦਰ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਉੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਸੁਰੇਂਦਰ ਸਿੰਘ ਦੀ ਮੌਤ ਹੋ ਗਈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪਿੰਡ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।