Manipur Violence - ਮਣੀਪੁਰ 'ਚ ਬੀਤੇ ਸ਼ਨੀਵਾਰ ਨੂੰ ਫੌਜ ਦੇ ਇਕ ਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਅਗਲੇ ਦਿਨ ਪੂਰਬੀ ਇੰਫਾਲ ਦੇ ਪਿੰਡ ਖੁਨਿੰਗਥੇਕ ਤੋਂ ਮਿਲੀ ਹੈ।


 ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਦੀ ਪਛਾਣ ਸੇਰਟੋ ਥਾਂਗਥਾਂਗ ਕੋਮ ਵਜੋਂ ਹੋਈ ਹੈ। ਉਹ ਪੱਛਮੀ ਇੰਫਾਲ ਦੇ ਤਰੁੰਗ ਦਾ ਰਹਿਣ ਵਾਲਾ ਸੀ ਅਤੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਰੱਖਿਆ ਸੁਰੱਖਿਆ ਕੋਰ (ਡੀਐਸਸੀ) ਵਿੱਚ ਤਾਇਨਾਤ ਸੀ।


 ਦੱਸ ਦਈਏ ਕਿ ਉਹ ਛੁੱਟੀਆਂ ਮਨਾਉਣ ਘਰ ਆਇਆ ਸੀ ਜਦੋਂ ਬੀਤੇ ਸ਼ਨੀਵਾਰ ਸਵੇਰੇ ਕਰੀਬ 10 ਵਜੇ ਤਿੰਨ ਹਥਿਆਰਬੰਦ ਅਪਰਾਧੀਆਂ ਨੇ ਉਸ ਨੂੰ ਘਰੋਂ ਅਗਵਾ ਕਰ ਲਿਆ, ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਕਿਸੇ ਹੋਰ ਜ਼ਿਲ੍ਹੇ ਵਿੱਚ ਛੱਡ ਦਿੱਤੀ


ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਪਚੁੰਗ ਨੇ ਦੱਸਿਆ ਕਿ ਸੇਰਟੋ ਇੱਕ ਦਿਨ ਪਹਿਲਾਂ ਹੀ ਘਰ ਆਇਆ ਸੀ। ਉਸਦੀ ਮੌਤ ਤੋਂ ਬਾਅਦ, ਉਹ ਹੁਣ ਆਪਣੀ ਸਾਲ ਦੀ ਪਤਨੀ, 12 ਸਾਲ ਦੀ ਬੇਟੀ ਅਤੇ 8 ਸਾਲ ਦਾ ਬੇਟਾ ਛੱਡ ਗਿਆ ਹੈ। ਪਚੁੰਗ ਨੇ ਇਹ ਵੀ ਦੱਸਿਆ ਕਿ ਸੇਰਟੋ ਦੇ ਬੇਟੇ ਨੇ ਉਸ ਨੂੰ ਅਗਵਾ ਹੁੰਦੇ ਦੇਖਿਆ ਸੀ। ਬੇਟੇ ਨੇ ਪਚੁੰਗ ਨੂੰ ਦੱਸਿਆ ਸੀ ਕਿ ਚਿੱਟੇ ਰੰਗ ਦੀ ਕਾਰ 'ਚ ਸਵਾਰ ਤਿੰਨ ਲੋਕ ਉਸ ਦੇ ਪਿਤਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸਨ। ਜਦੋਂ ਤੱਕ ਪਰਿਵਾਰ ਵਾਹਨ ਦਾ ਨੰਬਰ ਨੋਟ ਕਰ ਸਕਿਆ, ਬਦਮਾਸ਼ ਫਰਾਰ ਹੋ ਚੁੱਕੇ ਸਨ। ਇਸ ਤੋਂ ਬਾਅਦ ਪਚੁੰਗ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ। ਸੇਰਟੋ ਦੀ ਲਾਸ਼ ਅਗਲੇ ਦਿਨ ਸਵੇਰੇ 9:30 ਵਜੇ ਮਿਲੀ।


ਇਸ ਬਾਰੇ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜੀ ਦਾ ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫੌਜ ਨੇ ਵੀ ਪਰਿਵਾਰ ਦੀ ਮਦਦ ਲਈ ਟੀਮ ਭੇਜੀ ਹੈ।ਪਚੁੰਗ ਨੇ ਦੱਸਿਆ ਕਿ ਮਨੀਪੁਰ ਵਿੱਚ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿੱਚ ਲੜਾਈ ਚੱਲ ਰਹੀ ਹੈ, ਪਰ ਅਸੀਂ ਕੋਮ ਭਾਈਚਾਰੇ ਤੋਂ ਆਉਂਦੇ ਹਾਂ। ਕੋਮ ਭਾਈਚਾਰਾ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਲਈ ਮੈਨੂੰ ਮੇਰੇ ਭਰਾ ਦੇ ਅਗਵਾ ਅਤੇ ਕਤਲ ਬਾਰੇ ਕੁਝ ਸਮਝ ਨਹੀਂ ਆਉਂਦਾ। ਸਾਨੂੰ ਨਹੀਂ ਪਤਾ ਕਿ ਕਤਲ ਕਿਸਨੇ ਕੀਤਾ ਹੈ। ਅਜਿਹਾ ਨਹੀਂ ਹੈ ਕਿ ਅਸੀਂ ਕਿਸੇ 'ਤੇ ਸ਼ੱਕ ਕਰਦੇ ਹਾਂ। ਸਾਡੀ ਮੰਗ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ |