ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਖੇਤੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਕਿਸਾਨਾਂ ਨਾਲ ਬੇਇਨਸਾਫੀ ਕਰਨ ਦਾ ਇਲਜ਼ਾਮ ਲਾਇਆ। ਸੋਨੀਆ ਨੇ ਕਿਹਾ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਉਨ੍ਹਾਂ ਦੀ ਪਾਰਟੀ ਸੰਘਰਸ਼ ਕਰੇਗੀ। ਉਨ੍ਹਾਂ ਇਹ ਉਮੀਦ ਲਾਈ ਕਿ ਇਨ੍ਹਾਂ ਕਾਨੂੰਨਾਂ ਖਿਲਾਫ ਚੱਲ ਰਿਹਾ ਅੰਦੋਲਨ ਸਫਲ ਹੋਵੇਗਾ ਤੇ ਕਿਸਾਨਾਂ ਦੀ ਜਿੱਤ ਹੋਵੇਗੀ।


ਸੋਨੀਆ ਗਾਂਧੀ ਨੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਵੀਡੀਓ 'ਚ ਕਿਹਾ, 'ਅੱਜ ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦੇ ਸਭ ਤੋਂ ਵੱਡੇ ਹਮਦਰਦ, ਮਹਾਤਮਾ ਗਾਂਧੀ ਜੀ ਦੀ ਜਯੰਤੀ ਹੈ। ਗਾਂਧੀ ਜੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਭਾਰਤ ਦੇ ਪਿੰਡਾਂ ਤੇ ਖੇਤਾਂ 'ਚ ਵੱਸਦੀ ਹੈ। ਅੱਜ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਯੰਤੀ ਵੀ ਹੈ।


ਸੋਨੀਆ ਨੇ ਇਲਜ਼ਾਮ ਲਾਇਆ, 'ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਅੰਨਦਾਤਾ ਨਾਲ ਘੋਰ ਬੇਇਨਸਾਫੀ ਕਰ ਰਹੇ ਹਨ। ਜੋ ਕਾਨੂੰਨ ਕਿਸਾਨਾਂ ਲਈ ਬਣਾਏ ਗਏ ਉਨ੍ਹਾਂ ਨਾਲ ਇਸ ਬਾਰੇ ਸਲਾਹ ਮਸ਼ਵਰਾ ਵੀ ਨਹੀਂ ਕੀਤਾ ਗਿਆ। ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਕੁਝ ਦੋਸਤਾਂ ਨਾਲ ਗੱਲਬਾਤ ਕਰਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਗਏ।'


ਸੋਨੀਆ ਦੇ ਮੁਤਾਬਕ ਜਦੋਂ ਸੰਸਦ 'ਚ ਵੀ ਕਾਨੂੰ ਬਣਦੇ ਸਮੇਂ ਕਿਸਾਨ ਦੀ ਆਵਾਜ਼ ਨਹੀਂ ਸੁਣੀ ਗਈ ਤਾਂ ਉਹ ਆਪਣੀ ਗੱਲ ਸ਼ਾਂਤੀਪੂਰਵਕ ਤਰੀਕੇ ਨਾਲ ਰੱਖਣ ਲਈ ਮਹਾਤਮਾ ਗਾਂਧੀ ਜੀ ਦੇ ਰਸਤੇ ਤੇ ਚੱਲਦਿਆਂ ਮਜ਼ਬੂਰੀ 'ਚ ਸੜਕਾਂ 'ਤੇ ਆ ਗਏ। ਲੋਕਤੰਤਰ ਵਿਰੋਧੀ, ਜਨ ਵਿਰੋਧੀ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਸੁਣਨਾ ਤਾਂ ਦੂਰ, ਉਨ੍ਹਾਂ 'ਤੇ ਲਾਠੀਆਂ ਵਰ੍ਹਾਈਆਂ ਗਈਆਂ।


ਸੋਨੀਆਂ ਨੇ ਕਿਹਾ 'ਕਾਂਗਰਸ ਨੇ ਹਰ ਕਾਨੂੰਨ ਲੋਕਾਂ ਦੀ ਸਹਿਮਤੀ ਨਾਲ ਹੀ ਬਣਾਇਆ ਹੈ। ਕਾਨੂੰਨ ਬਣਾਉਣ ਤੋਂ ਪਹਿਲਾਂ ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਹੈ। ਲੋਕਤੰਤਰ ਦੇ ਮਾਇਨੇ ਵੀ ਇਹੀ ਹਨ ਕਿ ਦੇਸ਼ ਦੇ ਹਰ ਫੈਸਲੇ 'ਚ ਦੇਸ਼ਵਾਸੀਆਂ ਦੀ ਸਹਿਮਤੀ ਹੋਵੇ। ਪਰ ਕੀ ਮੋਦੀ ਸਰਕਾਰ ਇਸ ਨੂੰ ਮੰਨਦੀ ਹੈ? ਸ਼ਾਇਦ ਮੋਦੀ ਸਰਕਾਰ ਨੂੰ ਯਾਦ ਨਹੀਂ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਜ਼ਮੀਨ ਦੇ ਉੱਚਿਤ ਮੁਆਵਜ਼ਾਂ ਕਾਨੂੰਨ ਨੂੰ ਆਰਡੀਨੈਂਸ ਦੇ ਮਾਧਿਆਮ ਨਾਲ ਬਦਲ ਨਹੀਂ ਸਕੀ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ