ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ 'ਚ ਸ਼ਾਮਿਲ ਕਰਨ 'ਤੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ ਤੇ ਉਨ੍ਹਾਂ ਇਸ ਮੁੱਦੇ 'ਤੇ ਕਈ ਸੀਨੀਅਰ ਲੀਡਰਾਂ ਨਾਲ ਚਰਚਾ ਕੀਤੀ। 


ਸੂਤਰਾਂ ਮੁਤਾਬਕ ਇਨ੍ਹਾਂ 'ਚ ਕੁਝ ਲੀਡਰਾਂ ਨੇ ਉਨ੍ਹਾਂ ਦੇ ਪਾਰਟੀ 'ਚ ਸ਼ਾਮਿਲ ਹੋਣ ਤੇ ਇਤਰਾਜ਼ ਜਤਾਇਆ ਹੈ। ਜਦਕਿ ਕਈਆਂ ਨੇ ਇਸ ਦਾ ਸਮਰਥਨ ਕੀਤਾ ਹੈ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪਾਰਟੀ ਲਈ ਲਾਭਕਾਰੀ ਹੋਣਗੇ। ਸੂਤਰਾਂ ਮੁਤਾਬਕ ਹੁਣ ਆਖਰੀ ਫੈਸਲਾ ਸੋਨੀਆ ਗਾਂਧੀ ਨੇ ਲੈਣਾ ਹੈ।


ਪਿਛਲੇ ਸਾਲ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਢਾਂਚੇ 'ਚ ਬਦਲਾਅ ਦੀ ਮੰਗ ਕਰਨ ਵਾਲੇ 25 ਲੀਡਰਾਂ ਦੇ ਸਮੂਹ ਨੇ ਵੀ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਇਤਰਾਜ਼ ਜਤਾਏ ਜਾਣ ਦੀ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਲੀਡਰਾਂ ਦੇ ਵਿਚ ਇਸ ਮਾਮਲੇ 'ਚ ਬੈਠਕ 'ਚ ਚਰਚਾ ਹੋਈ। ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਚੋਣ ਪ੍ਰਬੰਧਨ 'ਚ ਇਕ ਮਹੱਤਵਪੂਰਨ ਭੂਮਿਕਾ ਸੰਭਾਲਨ ਦੀ ਚਰਚਾ ਦੇ ਵਿਚ ਉਨ੍ਹਾਂ ਹਾਲ ਹੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਮਾਮਲਾ ਪੈਂਡਿੰਗ ਹੈ ਕਿਉਂਕਿ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।


ਪ੍ਰਸ਼ਾਂਤ ਕਿਸ਼ੋਰ ਨੇ ਸ਼ੁਰੂਆਤ 'ਚ ਸਾਲ 2014 ਦੀਆਂ ਲੋਕਸਭਾ ਚੋਣਾਂ ਲਈ ਬੀਜੇਪੀ ਦੇ ਨਾਲ ਕੰਮ ਕੀਤਾ ਸੀ। ਉਸ ਤੋਂ ਬਾਅਦ ਜੇਡੀਯੂ 'ਚ ਸ਼ਾਮਿਲ ਹੋ ਗਏ ਸਨ ਤੇ ਪਾਰਟੀ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਂ ਦੌਰਾਨ ਉੱਤਰ ਪ੍ਰਦੇਸ਼ 'ਚ ਕਾਂਗਰਸ ਨਾਲ ਕੰਮ ਕੀਤਾ ਸੀ ਉਨ੍ਹਾਂ ਪੰਜਾਬ 'ਚ ਵੀ ਪਾਰਟੀ ਦੀ ਸਹਾਇਤਾ ਕੀਤੀ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਨ।


ਇਸ ਤੋਂ ਇਲਾਵਾ ਉਹ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ 'ਚ ਮਮਤਾ ਬੈਨਰਜੀ, ਦਿੱਲੀ ਵਿਧਾਨਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ, ਤਾਮਿਲਨਾਡੂ ਵਿਧਾਨਸਭਾ ਚੋਣਾਂ 'ਚ ਐਮਕੇ ਸਟਾਲਿਨ, ਆਂਧਰਾ ਪ੍ਰਦੇਸ਼ 'ਚ ਜਗਮੋਹਨ ਰੈਡੀ ਦੇ ਨਾਲ ਕੰਮ ਕਰ ਚੁੱਕੇ ਹਨ।