ਨਵੀਂ ਦਿੱਲੀ: ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਅੱਤਵਾਦੀ ਸੰਗਠਨ ਭਾਰਤ ਵਿੱਚ ਵੱਡੀ ਕਰਾਵਾਈ ਕਰਨ ਦੀ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਸੁਰੱਖਿਆ ਏਜੰਸੀਆਂ ਵੀ ਪੂਰੀ ਤਰ੍ਹਾਂ ਚੌਕਸ ਹਨ। ਪਿਛਲੇ ਦਿਨੀਂ ਗੁਜਰਾਤ, ਦਿੱਲੀ ਤੇ ਮਹਾਰਾਸ਼ਟਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਖੁਫੀਆ ਸੂਚਨਾ ਮਿਲੀ ਸੀ। ਹੁਣ ਦੱਖਣੀ ਭਾਰਤ ਵਿੱਚ ਦਹਿਸ਼ਤੀ ਹਮਲੇ ਕਰਨ ਬਾਰੇ ਸੂਹ ਮਿਲੀ ਹੈ। ਇਸ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਹਾਸਲ ਜਾਣਕਾਰੀ ਮੁਤਾਬਕ ਫ਼ੌਜ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿੱਚ ਦਹਿਸ਼ਤੀ ਹਮਲੇ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਮਗਰੋਂ ਹਾਈ ਅਲਰਟ ਜਾਰੀ ਕਰਦਿਆਂ ਦੱਖਣੀ ਰਾਜਾਂ ਨੂੰ ਚੌਕਸ ਰਹਿਣ ਲਈ ਆਖ ਦਿੱਤਾ ਗਿਆ ਹੈ। ਥਲ ਸੈਨਾ ਦੀ ਦੱਖਣੀ ਕਮਾਂਡ ਵਿੱਚ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਐਸਕੇ ਸੈਣੀ ਨੇ ਕਿਹਾ ਕਿ ਸਰ ਕਰੀਕ ਖੇਤਰ ਵਿੱਚੋਂ ਕੁਝ ਲਾਵਾਰਿਸ ਕਿਸ਼ਤੀਆਂ ਮਿਲੀਆਂ ਹਨ। ਉਨ੍ਹਾਂ ਕਿਹਾ, ‘ਸਾਨੂੰ ਕੁਝ ਰਿਪੋਰਟਾਂ ਮਿਲੀਆਂ ਹਨ ਕਿ ਦੇਸ਼ ਦੇ ਦੱਖਣੀ ਹਿੱਸੇ ਤੇ ਪ੍ਰਾਇਦੀਪ ਭਾਰਤ ਵਿੱਚ ਦਹਿਸ਼ਤੀ ਹਮਲਾ ਹੋ ਸਕਦਾ ਹੈ।’

ਫ਼ੌਜੀ ਕਮਾਂਡਰ ਨੇ ਕਿਹਾ ਕਿ ਇਹਤਿਆਤ ਵਜੋਂ ਸਰ ਕਰੀਕ ਖੇਤਰ ਵਿੱਚ ਤਾਇਨਾਤ ਸਲਾਮਤੀ ਦਸਤਿਆਂ ਨੂੰ ਚੌਕਸ ਕਰਦਿਆਂ ਸੁਰੱਖਿਆ ਵਧਾ ਦਿੱਤੀ ਗਈ ਹੈ। ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੇ ਭਗਵਾਨ ਵੈਂਕਟੇਸ਼ਵਰ ਮੰਦਰ ਦੀ ਸੁਰੱਖਿਆ ਵਿੱਚ ਵੀ ਚੌਖਾ ਵਾਧਾ ਕੀਤਾ ਗਿਆ ਹੈ। ਉਧਰ ਕੇਰਲਾ ਪੁਲਿਸ ਦੇ ਮੁਖੀ ਲੋਕਨਾਥ ਬਹੇੜਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੂਰੇ ਸੂਬੇ ’ਚ ਹਾਈ ਅਲਰਟ ਰੱਖਣ ਲਈ ਆਖਦਿਆਂ ਚੌਕਸ ਕਰ ਦਿੱਤਾ ਗਿਆ ਹੈ।

ਡੀਜੀਪੀ ਨੇ ਪੁਲਿਸ ਅਮਲੇ ਨੂੰ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਤੇ ਹੋਰਨਾਂ ਜਨਤਕ ਥਾਵਾਂ ’ਤੇ ਸਖ਼ਤ ਸੁਰੱਖਿਆ ਚੌਕਸੀ ਵਰਤਣ ਲਈ ਕਿਹਾ ਹੈ। ਰੱਖਿਆ ਤਰਜਮਾਨ ਨੇ ਚੇਨਈ ਵਿੱਚ ਕਿਹਾ, ‘ਥਲ ਸੈਨਾ ਦੀ ਦੱਖਣੀ ਕਮਾਂਡ ਹੇਠ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਹੀ ਨਹੀਂ ਬਲਕਿ ਗੁਜਰਾਤ ਦਾ ਵੀ ਕੁਝ ਹਿੱਸਾ ਆਉਂਦਾ ਹੈ। ਇਸ ਵਿੱਚ ਦੱਖਣੀ ਪ੍ਰਾਇਦੀਪ ਤੇ ਗੁਜਰਾਤ ਦੇ ਕੁਝ ਹਿੱਸੇ ਸ਼ਾਮਲ ਹਨ>

ਪੁਲਿਸ ਅਧਿਕਾਰੀ ਨੇ ਕਿਹਾ ਕਿ ਦੱਖਣੀ ਭਾਰਤ ਵਿੱਚ ਸੰਭਾਵੀ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਦੀ 974 ਕਿਲੋਮੀਟਰ ਲੰਮੀ ਸਾਹਿਲੀ ਪੱਟੀ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਰਵੀ ਸ਼ੰਕਰ ਅੱਯਾਨਾਰ ਨੇ ਕਿਹਾ ਕਿ ਅਹਿਮ ਟਿਕਾਣਿਆਂ ’ਤੇ ਵਿਸ਼ੇਸ਼ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ ਤੇ ਕੰਟਰੋਲ ਰੂਮ ਲਗਾਤਾਰ ਸਾਰੇ ਸਾਹਿਲੀ ਪੁਲਿਸ ਸਟੇਸ਼ਨਾਂ ਦੇ ਸੰਪਰਕ ਵਿੱਚ ਹੈ।