ਬੰਗਲੁਰੂ: ਕਰਨਾਟਕ ਦਾ ਸਿਆਸੀ ਨਾਟਕ ਫਿਰ ਤੋਂ ਦਿਲਚਸਪ ਹੋ ਗਿਆ ਹੈ। ਮੰਗਲਵਾਰ ਸਵੇਰ ਤਕ ਬੀਜੇਪੀ ਲਈ ਸੱਤਾ ਦਾ ਰਾਹ ਆਸਾਨ ਦਿੱਸ ਰਿਹਾ ਸੀ ਪਰ ਸ਼ਾਮ ਹੁੰਦਿਆਂ-ਹੁੰਦਿਆਂ ਸਪੀਕਰ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਤੇ ਕੁਮਾਰ ਸਵਾਮੀ ਸਰਕਾਰ ਨੇ ਸੁੱਖ ਦਾ ਸਾਹ ਲਿਆ। ਸਪੀਕਰ ਨੂੰ 8 ਵਿਧਾਇਕਾਂ ਦਾ ਅਸਤੀਫ਼ਾ ਸਹੀ ਢੰਗ ਨਾਲ ਨਹੀਂ ਮਿਲਿਆ, ਉਨ੍ਹਾਂ ਨੂੰ ਸਿਰਫ 5 ਅਸਤੀਫ਼ੇ ਹੀ ਸਹੀ ਫਾਰਮੈਟ ਵਿੱਚ ਮਿਲੇ ਹਨ। ਸਪੀਕਰ ਨੇ 3 ਵਿਧਾਇਕਾਂ ਨੂੰ 12 ਤੇ 2 ਵਿਧਾਇਕਾਂ ਨੂੰ 15 ਜੁਲਾਈ ਨੂੰ ਬੁਲਾਇਆ ਹੈ।


ਸਪੀਕਰ ਦੇ ਇਸ ਫੈਸਲੇ ਤੋਂ ਕੁਮਾਰ ਸਵਾਮੀ ਨੂੰ ਆਪਣੇ ਸਰਕਾਰ ਬਚਾਉਣ ਲਈ ਸਮਾਂ ਮਿਲ ਗਿਆ ਪਰ ਪਰੇਸ਼ਾਨੀ ਹਾਲੇ ਵੀ ਬਰਕਰਾਰ ਹੈ। ਮੰਗਲਵਾਰ ਨੂੰ ਜਦੋਂ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਈ ਤਾਂ ਨੌਂ ਵਿਧਾਇਕ ਗੈਰ-ਮੌਜੂਦ ਰਹੇ। ਸੱਤ ਵਿਧਾਇਕਾਂ ਨੇ ਤਾਂ ਪਹਿਲਾਂ ਹੀ ਨਾ ਆਉਣ ਦੀ ਵਜ੍ਹਾ ਦੱਸੀ ਸੀ ਪਰ ਬਾਕੀ ਦੋ ਵਿਧਾਇਕਾਂ ਦੇ ਅਸਤੀਫ਼ੇ ਦੀ ਖ਼ਬਰ ਵੀ ਜ਼ੋਰ ਫੜਨ ਲੱਗੀ ਹੈ।


ਕਰਨਾਟਕ ਸਰਕਾਰ ਬਚਾਉਣ ਦੀ ਕੋਸ਼ਿਸ਼ ਦਿੱਲੀ ਤੋਂ ਵੀ ਹੋ ਰਹੀ ਹੈ। ਪਾਰਟੀ ਨੇ ਗੁਲਾਮ ਨਬੀ ਆਜ਼ਾਦ ਤੇ ਬੀਕੇ ਹਰੀਪ੍ਰਸਾਦ ਨੂੰ ਬੰਗਲੁਰੂ ਭੇਜ ਦਿੱਤਾ ਹੈ। ਪਰ ਬੀਜੇਪੀ ਮੌਕਾ ਨਹੀਂ ਛੱਡਣਾ ਚਾਹੁੰਦੀ ਤੇ ਲਗਾਤਾਰ ਪ੍ਰਦਰਸ਼ਨ ਕਰਦਿਆਂ ਹਾਲਾਤਾਂ 'ਤੇ ਹਾਵੀ ਹੋਣ ਦੀ ਕੋਸ਼ਿਸ਼ ਵਿੱਚ ਹੈ। ਸੂਤਰਾਂ ਮੁਤਾਬਕ ਯੇਦਯਰੱਪਾ ਅੱਜ ਰਾਜ ਭਵਨ ਵਿੱਚ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕਰ ਸਕਦੇ ਹਨ।


ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਰੋਸ਼ਨ ਬੇਗ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਹੁਣ ਅਸਤੀਫ਼ਿਆਂ ਦੀ ਕੁੱਲ ਗਿਣਤੀ 14 ਹੋ ਚੁੱਕੀ ਹੈ। ਦੋ ਨਿਰਦਲੀਏ ਵੀ ਸਰਕਾਰ ਦੇ ਨਾਲ ਨਹੀਂ। ਪਰ ਸਵਾਲ ਇਹ ਹੈ ਕਿ ਕੀ ਸਪੀਕਰ ਦੇ ਫੈਸਲੇ ਨਾਲ ਮਿਲੇ ਸਮੇਂ ਦੇ ਵਿੱਚ ਕੁਮਾਰ ਸਵਾਮੀ ਤੇ ਕਾਂਗਰਸ ਆਪਣੇ-ਆਪਣੇ ਵਿਧਾਇਕਾਂ ਨੂੰ ਬਚਾ ਪਾਉਣਗੇ।