ਨਵੀਂ ਦਿੱਲੀ : ਦਿੱਲੀ ਹਾਈ ਕੋਰਟ (Delhi High Court) ਨੇ ਸਪਾਈਸਜੈੱਟ ਏਅਰਲਾਈਨਜ਼ (SpiceJet Airlines )ਦੇ ਉਡਾਣਾਂ 'ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਹਾਲ ਹੀ ਦੇ ਦਿਨਾਂ 'ਚ ਸਪਾਈਸ ਜੈੱਟ (SpiceJet) ਦੇ ਜਹਾਜ਼ਾਂ 'ਚ ਲਗਾਤਾਰ ਖਰਾਬੀ ਨੂੰ ਲੈ ਕੇ ਹਾਈਕੋਰਟ (High Court) 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਚ ਇਸ ਦੀਆਂ ਉਡਾਣਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਸਰਕਾਰ ਦਾ ਹੈ, ਹਾਈ ਕੋਰਟ ਇਸ ਵਿੱਚ ਦਖ਼ਲ ਨਹੀਂ ਦੇ ਸਕਦੀ।
ਦਰਅਸਲ ਰਾਹੁਲ ਭਾਰਦਵਾਜ ਨਾਮ ਦੇ ਇੱਕ ਵਕੀਲ ਨੇ ਦਿੱਲੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਸਪਾਈਸਜੈੱਟ ਏਅਰਲਾਈਨ (SpiceJet Airlines ) ਦੀਆਂ ਉਡਾਣਾਂ ਵਿੱਚ ਫੇਲ੍ਹ ਹੋਣ ਦੀਆਂ ਹਾਲ ਹੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਕੰਪਨੀ ਨੂੰ ਜਹਾਜ਼ ਉਡਾਉਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।
ਰਾਹੁਲ ਭਾਰਦਵਾਜ ਦੁਆਰਾ ਦਾਇਰ ਜਨਹਿਤ ਪਟੀਸ਼ਨ ਵਿੱਚ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਇੱਕ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ ਗਈ ਸੀ, ਜੋ ਇਹ ਪਤਾ ਲਾਉਣ ਲਈ ਕਿ ਕੀ ਸਪਾਈਸ ਜੈੱਟ ਦੇ ਸੰਚਾਲਨ ਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਨਾਲ ਹੀ ਜਨਹਿੱਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਪਾਈਸ ਜੈੱਟ ਦੇ ਚੇਅਰਮੈਨ ਖਿਲਾਫ ਵੀ ਅਪਰਾਧਿਕ ਜਾਂਚ ਚੱਲ ਰਹੀ ਹੈ। ਅਜਿਹੇ 'ਚ ਇਸ ਏਅਰਲਾਈਨ ਦੀ ਫਲਾਈਟ ਸੇਵਾਵਾਂ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਇੱਕ ਮਹੀਨੇ ਦੌਰਾਨ ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ 9 ਘਟਨਾਵਾਂ ਸਾਹਮਣੇ ਆਈਆਂ ਹਨ। ਡੀਜੀਸੀਏ ਨੇ ਇਸ ਸਬੰਧੀ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਡੀਜੀਸੀਏ ਨੇ ਕਿਹਾ ਸੀ ਕਿ ਸਸਤੀ ਸੇਵਾ ਪ੍ਰਦਾਤਾ ਸੁਰੱਖਿਅਤ, ਪ੍ਰਭਾਵੀ ਅਤੇ ਭਰੋਸੇਮੰਦ ਹਵਾਈ ਸੇਵਾ ਪ੍ਰਦਾਨ ਕਰਨ ਵਿੱਚ "ਅਸਫ਼ਲ" ਰਹੀ ਹੈ।