ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਨਵਜੋਤ ਸਿੰਘ ਸਿੱਧੂ ਦੀ ਮਾਨਸਿਕ ਹਾਲਤ 'ਤੇ ਖ਼ਦਸ਼ਾ ਪ੍ਰਗਟਾਇਆ ਹੈ। ਸਵਾਮੀ ਨੇ ਅਜਿਹਾ ਸਿੱਧੂ ਦੇ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਹੈ। ਦਅਰਸਲ, ਸਿੱਧੂ ਉਨ੍ਹਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਪਾਕਿਸਤਾਨ ਦੇ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸੱਦਾ ਦਿੱਤਾ ਹੈ। ਸਿੱਧੂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਹੈ ਤੇ ਉਨ੍ਹਾਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਦੋਸਤ ਦੀ ਹੈਸੀਅਤ ਨਾਲ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੇ ਫੈਸਲੇ 'ਤੇ ਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਜਾਪਦਾ ਕਿ ਸਿੱਧੂ ਦਾ ਦਿਮਾਗ ਟਿਕਾਣੇ 'ਤੇ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਦਿਮਾਗ ਜ਼ਰਾ ਵੀ ਠੀਕ ਹੈ ਤਾਂ ਉਹ ਪਾਕਿਸਤਾਨ ਨਹੀਂ ਜਾਣਗੇ। ਸਵਾਮੀ ਨੇ ਪਹਿਲੀ ਵਾਰ ਅਜਿਹਾ ਬਿਆਨ ਨਹੀਂ ਦਿੱਤਾ ਹੈ। ਇਮਰਾਨ ਵੱਲੋਂ ਰਮਸੀ ਤੌਰ 'ਤੇ ਸੱਦੇ ਭੇਜਣ ਤੋਂ ਪਹਿਲਾਂ ਸੁਨੀਲ ਗਾਵਸਕਰ, ਕਪਿਲ ਦੇਵ, ਸਚਿਨ ਤੇਂਦੁਲਕਰ, ਨਵਜੋਤ ਸਿੰਘ ਸਿੱਧੂ ਤੇ ਆਮਿਰ ਖ਼ਾਨ ਨੂੰ ਸਹੁੰ ਚੁੱਕ ਸਮਾਗਮ ਦੀ ਸੱਦਾ ਭੇਜਣ ਦੀ ਗੱਲ ਉੱਡੀ ਸੀ। ਉਦੋਂ ਵੀ ਸੁਬਰਾਮਣੀਅਨ ਸਵਾਮੀ ਨੇ ਕਿਹਾ ਸੀ ਕਿ ਜੋ ਇਸ ਸਮਾਗਮ ਵਿੱਚ ਪਾਕਿਸਤਾਨ ਜਾਵੇਗਾ ਉਸ ਨੂੰ ਅੱਤਵਾਦੀ ਕਰਾਰ ਦੇ ਦੇਣਾ ਚਾਹੀਦਾ ਹੈ। ਹੁਣ ਕਪਿਲ ਦੇਵ ਨੇ ਵੀ ਇਮਰਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਸਿੱਧੂ ਨੇ ਸੱਦਾ ਕਬੂਲ ਕਰ ਕੇ ਜਾਣ ਦੀ ਤਿਆਰੀ ਵੀ ਖਿੱਚ ਲਈ ਹੈ।