ਸ਼ਿਮਲਾ: ਹਿਮਾਚਲ ਵਿੱਚ ਲੌਕਡਾਊਨ ਦੌਰਾਨ ਖੁਦਕੁਸ਼ੀ ਦੇ ਮਾਮਲੇ ਤੇਜ਼ੀ ਨਾਲ ਵਧੇ। ਜਨਵਰੀ 2020 ਵਿੱਚ ਸੂਬੇ ਵਿੱਚ 40 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ, ਜਦੋਂਕਿ ਫਰਵਰੀ 'ਚ ਇਹ ਮਾਮਲੇ 45 ਤੇ ਮਾਰਚ ਵਿੱਚ 32 ਹੋ ਗਏ। ਅਪਰੈਲ ਆਉਂਦੇ-ਆਉਂਦੇ ਇਹ ਕੇਸ 47 ਹੋ ਗਏ। ਹਿਮਾਚਲ ਵਿੱਚ ਮਈ ਵਿੱਚ 89, ਜੂਨ ਵਿੱਚ 112 ਤੇ ਜੁਲਾਈ ਵਿੱਚ 101 ਲੋਕਾਂ ਨੇ ਮੌਤ ਨੂੰ ਗਲੇ ਲਾਇਆ। ਯਾਨੀ 7 ਮਹੀਨਿਆਂ ਵਿੱਚ ਕੁੱਲ 466 ਲੋਕਾਂ ਨੇ ਖੁਦਕੁਸ਼ੀ ਕੀਤੀ।

ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਜਨਵਰੀ ਤੋਂ ਮਾਰਚ ਤੱਕ 117 ਲੋਕਾਂ ਨੇ ਖੁਦਕੁਸ਼ੀ ਕੀਤੀ, ਜੋ ਅਪਰੈਲ ਤੋਂ ਜੁਲਾਈ ਤੱਕ ਲਗਪਗ ਦੁੱਗਣੀ ਹੋ ਕੇ 349 ਹੋ ਗਈ। ਯਾਨੀ ਇਨ੍ਹਾਂ ਚਾਰ ਮਹੀਨਿਆਂ ਵਿੱਚ ਔਸਤਨ ਹਰ ਦਿਨ ਤਿੰਨ ਵਿਅਕਤੀ ਖੁਦਕੁਸ਼ੀ ਕਰਦੇ ਹਨ।

ਹਿਮਾਚਲ ਦੇ ਪੁਲਿਸ ਮੁਖੀ ਸੰਜੇ ਕੁੰਡੂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ 306 ਆਈਪੀਸੀ ਤਹਿਤ 30 ਮਹੀਨਿਆਂ ਦੌਰਾਨ 55 ਕੇਸ ਦਰਜ ਕੀਤੇ ਗਏ, ਜਦੋਂਕਿ ਸੀਆਰਪੀਸੀ 174 ਤਹਿਤ 411 ਕੇਸ ਦਰਜ ਕੀਤੇ ਗਏ। 306 ਤਹਿਤ ਦਰਜ ਕੀਤੇ 55 ਮਾਮਲਿਆਂ ਵਿੱਚ 20 ਆਦਮੀਆਂ ਦੇ ਮੁਕਾਬਲੇ 35 ਔਰਤਾਂ ਨੇ ਖ਼ੁਦਕੁਸ਼ੀ ਕੀਤੀ। ਜਦੋਂਕਿ 174 ਤਹਿਤ ਦਰਜ ਮਾਮਲਿਆਂ 140 ਔਰਤਾਂ ਦੇ ਮੁਕਾਬਲੇ ਵਿੱਚ 271 ਆਦਮੀਆਂ ਨੇ ਖੁਦਕੁਸ਼ੀ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਕੇਸਾਂ ਦੇ ਵਧਣ ਪਿੱਛੇ ਸਿਹਤ ਵਿਭਾਗ ਹੀ ਕਾਰਨ ਦੱਸ ਸਕਦਾ ਹੈ ਪਰ ਇਹ ਵੱਧ ਰਹੇ ਕੇਸ ਚਿੰਤਾ ਦਾ ਕਾਰਨ ਹਨ। ਸਰਕਾਰ ਨੂੰ ਇਨ੍ਹਾਂ ਵੱਧ ਰਹੇ ਮਾਮਲਿਆਂ ਬਾਰੇ ਜਾਗਰੂਕ ਕੀਤਾ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904