ਚੇਨਈ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਬੋਰਵੈਲ 'ਚ ਡਿੱਗੇ 2 ਸਾਲਾ ਸੁਜੀਤ ਵਿਲਸਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਬੱਚਾ 80 ਘੰਟਿਆਂ ਤੋਂ ਵੱਧ ਸਮੇਂ ਤਕ ਲਗਪਗ 90 ਫੁੱਟ ਦੀ ਡੂੰਘਾਈ ਵਿੱਚ ਫਸਿਆ ਰਿਹਾ। ਪਥਰੀਲੀ ਮਿੱਟੀ ਅਤੇ ਮੀਂਹ ਕਾਰਨ ਬਚਾਅ ਕਾਰਜਾਂ ਨੂੰ ਕਾਫੀ ਮੁਸ਼ਕਲ ਆ ਰਹੀ ਸੀ। ਦੋ ਸਾਲਾਂ ਦਾ ਬੱਚਾ ਵਿਲਸਨ 25 ਅਕਤੂਬਰ ਦੀ ਸ਼ਾਮ ਨੂੰ ਖੇਡਦਾ ਹੋਇਆ ਆਪਣੇ ਘਰ ਦੇ ਪਿੱਛੇ ਬਣੇ ਬੋਰਵੈਲ ਵਿੱਚ ਡਿੱਗ ਪਿਆ ਸੀ। ਉਸ ਸਮੇਂ ਤੋਂ, ਐਨਡੀਆਰਐਫ ਤੇ ਐਸਡੀਆਰਐਫ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਸੀ, ਪਰ ਉਹ ਬਚ ਨਹੀਂ ਸਕਿਆ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੱਚੇ ਦੀ ਤੰਦਰੁਸਤੀ ਲਈ ਦੁਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, 'ਮੇਰੀਆਂ ਪ੍ਰਾਰਥਨਾਵਾਂ ਹਿੰਮਤੀ ਸੁਜੀਤ ਵਿਲਸਨ ਨਾਲ ਹਨ। ਮੈਂ ਸੁਜੀਤ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਕਾਰਜਾਂ ਸੰਬੰਧੀ ਮੁੱਖ ਮੰਤਰੀ ਈ ਪਲਾਨੀਸਾਮੀ ਨਾਲ ਗੱਲ ਕੀਤੀ ਹੈ। ਉਸ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।'
ਬਚਾਅ ਕਰਤਾ ਬੱਚੇ ਨੂੰ ਬਾਹਰ ਕੱਢਣ ਲਈ ਇੱਕ ਉੱਚਿਤ ਡੂੰਘਾਈ ਤੱਕ ਪਹੁੰਚਣ ਲਈ ਐਤਵਾਰ ਤੋਂ ਹੀ ਇੱਕ ਹੋਰ ਬੋਰਵੈੱਲ ਦੀ ਖੁਦਾਈ ਵਿੱਚ ਰੁੱਝੇ ਹੋਏ ਸੀ, ਅਤੇ ਹੁਣ ਖੁਦਾਈ ਵਿੱਚ ਤੇਜ਼ੀ ਲਿਆਉਣ ਲਈ ਇੱਕ ਜਰਮਨ ਮਸ਼ੀਨ ਨੂੰ ਲਾਇਆ ਗਿਆ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਨਿਗਰਾਨੀ ਤੋਂ ਇਹ ਪਤਾ ਲੱਗਿਆ ਸੀ ਕਿ ਬੱਚਾ ਲਗਭਗ 88 ਫੁੱਟ ਦੀ ਡੂੰਘਾਈ ਵਿੱਚ ਫਸਿਆ ਸੀ ਤੇ ਕੁਝ ਮਿੱਟੀ ਇਸ ਉੱਤੇ ਡਿੱਗੀ ਸੀ।
ਦੱਸ ਦੇਈਏ ਇਸ ਤੋਂ ਪਹਿਲਾਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਬੱਚਾ ਫ਼ਤਿਹਵੀਰ ਸਿੰਘ ਘਰ ਨੇੜੇ ਪੁੱਟੇ ਬੋਰਵੈੱਲ 'ਚ ਡਿੱਗ ਗਿਆ ਸੀ ਪਰ ਤਕਨੀਕ ਦੀ ਘਾਟ ਕਾਰਨ ਬਚਾਅ ਕਾਰਜ ਦੇ ਬਾਵਜੂਦ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ।