ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਵਿੱਚ ਬੀਜੇਪੀ ਦੇ ਇਰਾਦਿਆਂ ਤੋਂ ਖ਼ਾਸੇ ਫਿਕਰਮੰਦ ਨਜ਼ਰ ਆ ਰਹੇ ਹਨ। ਭਰਾ-ਭਰਾ ਦੀ ਗੱਲ ਕਰਨ ਵਾਲੇ ਕਈ ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗਠਜੋੜ ਵਿੱਚ ਅੱਜਕਲ੍ਹ ਕੁਝ ਠੀਕ ਨਹੀਂ ਚੱਲ ਰਿਹਾ। ਪੰਜਾਬ ਵਿੱਚ ਬੀਜੇਪੀ ਲੀਡਰਾਂ ਦੀ ਬਿਆਨਬਾਜ਼ੀ ਤੇ ਅਕਾਲੀ ਦਲ ਨਾਲ ਜੁੜੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਆ ਰਹੀ। ਚਰਚਾ ਹੈ ਕਿ ਉਹ ਬੀਜੇਪੀ ਲੀਡਰਾਂ ਨਾਲ ਖ਼ਫ਼ਾ ਹਨ।
ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੁਖਬੀਰ ਇਸ ਮਾਮਲੇ ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਸਾਹਮਣੇ ਰੱਖਣਗੇ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾ ਸਕੇ। ਸੂਬੇ ਵਿੱਚ ਕਈ ਵਾਰ ਅਕਾਲੀ-ਬੀਜੇਪੀ ਗੱਠਜੋੜ ਦੀ ਸਰਕਾਰ ਰਹੀ ਹੈ, ਪਰ ਕੇਂਦਰ ਵਿੱਚ ਦੂਜੀ ਵਾਰ ਬਹੁਮਤ ਨਾਲ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਬੀਜੇਪੀ ਲੀਡਰਾਂ ਵੱਲੋਂ ਦਿੱਤੇ ਬਿਆਨ ਅਕਾਲੀਆਂ ਨੂੰ ਰੜਕ ਰਹੇ ਹਨ। ਬੀਜੇਪੀ ਦੇ ਸੂਬਾ ਪੱਧਰੀ ਲੀਡਰ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਕਰਾਰ ਦੇ ਰਹੇ ਹਨ ਤੇ ਸੂਬੇ ਵਿੱਚ ਇਕੱਲੇ ਸਰਕਾਰ ਬਣਾਉਣ ਦਾ ਦਾਅਵਾ ਕਰਦੇ ਹਨ। ਇਹ ਸੁਖਬੀਰ ਦੀ ਨਾਰਾਜ਼ਗੀ ਦੀ ਮੁੱਖ ਵਜ੍ਹਾ ਹੈ।
ਕੇਂਦਰ 'ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਬੀਜੇਪੀ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਮੈਂਬਰਸ਼ਿਪ ਕੈਂਪੇਨ ਚਲਾਈ, ਜਿਸ ਦਾ ਪਾਰਟੀ ਨੂੰ ਪੂਰਾ ਸਮਰਥਨ ਮਿਲਿਆ। ਪਾਰਟੀ ਦਾ ਦਾਅਵਾ ਹੈ ਕਿ ਲੋਕ ਬੀਜੇਪੀ ਦੀਆਂ ਨੀਤੀਆਂ ਤੋਂ ਖੁਸ਼ ਹਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਇਸ ਮੁਹਿੰਮ ਦੌਰਾਨ ਇਕੱਲੇ ਪੰਜਾਬ ਵਿੱਚ ਪੰਜ ਲੱਖ ਤੋਂ ਵੱਧ ਲੋਕ ਬੀਜੇਪੀ ਦੇ ਮੈਂਬਰ ਬਣ ਗਏ ਹਨ, ਜਦੋਂ ਕਿ ਪਾਰਟੀ ਦਾ ਟੀਚਾ ਦੋ ਲੱਖ ਮੈਂਬਰ ਸੀ। ਪਾਰਟੀ ਲਈ ਇਹ ਵੱਡੀ ਪ੍ਰਾਪਤੀ ਹੈ।
ਬੀਜੇਪੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਬੀਜੇਪੀ ਇੱਕ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਇਸ ਲਈ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਦਾ ਰੁਝਾਨ ਵੇਖ ਕੇ ਹੀ ਅਕਾਲੀਆਂ ਨਾਲ ਗਠਜੋੜ ਕੀਤਾ ਜਾਏਗਾ। ਹਾਲਾਂਕਿ ਪਾਰਟੀ ਲੰਬੇ ਸਮੇਂ ਤੋਂ ਸੂਬੇ ਵਿੱਚ ਅਕਾਲੀ ਦਲ ਨਾਲ ਚੋਣ ਲੜ ਰਹੀ ਹੈ, ਪਰ ਇਸ ਵਾਰੀ ਹਾਲਾਤ ਬਦਲ ਸਕਦੇ ਹਨ। ਪਾਰਟੀ ਆਪਣੀ ਮਜ਼ਬੂਤ ਸਥਿਤੀ ਨੂੰ ਦੇਖਦਿਆਂ ਸੀਟਾਂ ਦੀ ਗਿਣਤੀ ਬਾਰੇ ਵੱਡਾ ਫੈਸਲਾ ਕਰ ਸਕਦੀ ਹੈ। ਇਹ ਕਹਿ ਕੇ ਸ਼ਵੇਤ ਮਲਿਕ ਨੇ ਅਕਾਲੀ-ਬੀਜੇਪੀ ਗੱਠਜੋੜ 'ਤੇ ਸਵਾਲ ਖੜੇ ਕਰ ਦਿੱਤੇ ਹਨ।
ਇਸ ਮਗਰੋਂ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਬਾਦਲ ਬੀਜੇਪੀ ਦੀਆਂ ਗਤੀਵਿਧੀਆਂ ਤੇ ਲੀਡਰਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਜਲਦ ਹੀ ਬੀਜੇਪੀ ਹਾਈਕਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਮੁਲਾਕਾਤ ਦੌਰਾਨ ਹਾਈਕਮਾਨ ਨਾਲ ਉਹ ਸੂਬੇ ਵਿੱਚ ਚੱਲ ਰਹੇ ਹਾਲਾਤਾਂ ਬਾਰੇ ਗੱਲਬਾਤ ਕਰਨਗੇ। ਇਸ ਦੇ ਨਾਲ ਹੀ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਸਥਿਤੀ ਸਪਸ਼ਟ ਕਰਨ ਲਈ ਵੀ ਗੱਲਬਾਤ ਹੋਏਗੀ ਤਾਂ ਅਕਾਲੀ ਦਲ ਉਸ ਹਿਸਾਬ ਨਾਲ ਚੋਣਾਂ ਦੀ ਆਪਣੀ ਤਿਆਰੀ ਕਰ ਸਕੇ।