ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਟਾਕਿਆਂ ਦੇ ਉਤਪਾਦਨ, ਵਿਕਰੀ ਤੇ ਪਟਾਕੇ ਚਲਾਉਣ ਸਬੰਧੀ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪਟਾਕਿਆਂ ਦੀ ਵਿਕਰੀ, ਉਤਪਾਦਨ ਤੇ ਚਲਾਉਣ ’ਤੇ ਰੋਕ ਨਹੀਂ ਲਾਈ ਪਰ ਇਨ੍ਹਾਂ ’ਤੇ ਸਖ਼ਤ ਸ਼ਰਤਾਂ ਜ਼ਰੂਰ ਲਾ ਦਿੱਤੀਆਂ ਹਨ। ਅਦਾਲਤ ਨੇ ਸਿਰਫ ਵਾਤਾਵਰਨ ਪੱਖੀ ਤੇ ਘੱਟ ਆਵਾਜ਼ ਕਰਨ ਵਾਲੇ ਪਟਾਕੇ ਚਲਾਉਣ ਦੀ ਹੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਆਨਲਾਈਨ ਪਟਾਕਿਆਂ ਦੀ ਵਿਕਰੀ ’ਤੇ ਵੀ ਰੋਕ ਲਾਈ ਗਈ ਹੈ।
ਪਟਾਕਿਆਂ ਨੂੰ ਸਿਰਫ ਲਾਇਸੈਂਸ ਧਾਰਕ ਹੀ ਵੇਚ ਸਕਣਗੇ। ਆਨਲਾਈਨ ਪਟਾਕਿਆਂ ਦੀ ਵਿਕਰੀ ’ਤੇ ਵੀ ਫਿਲਹਾਲ ਰੋਕ ਲਾਈ ਗਈ ਹੈ ਕਿਉਂਕਿ ਆਨਲਾਈਨ ਵਿਕਣ ਵਾਲੇ ਪਟਾਕਿਆਂ ਦੀ ਆਵਾਜ਼ ਅਦਾਲਤ ਵੱਲੋਂ ਤੈਅ ਕੀਤੇ ਪੱਧਰ ਤੋਂ ਵੱਧ ਹੈ। ਅਦਾਲਤ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਆਦੇਸ਼ ਸਿਰਫ ਦੀਵਾਲੀ ਲਈ ਹੀ ਨਹੀਂ, ਬਲਕਿ ਹਰ ਧਾਰਮਿਕ ਤੇ ਸਮਾਜਿਕ ਦਿਹਾੜਿਆਂ ’ਤੇ ਲਾਗੂ ਹੋਏਗਾ।
ਅਦਾਲਤ ਨੇ ਪਟਾਕੇ ਚਲਾਉਣ ਦਾ ਸਮਾਂ ਵੀ ਤੈਅ ਕਰ ਦਿੱਤਾ ਹੈ। ਲੋਕ ਰਾਤ 8 ਵਜੇ ਤੋਂ 10 ਵਜੇ ਤਕ ਹੀ ਪਟਾਕੇ ਚਲਾ ਸਕਦੇ ਹਨ। ਨਵੇਂ ਸਾਲ ਤੇ ਕ੍ਰਿਸਮਸ ਮੌਕੇ 11:55 PM ਤੋਂ 12:15 AM ਤਕ ਪਟਾਕੇ ਚਲਾਏ ਜਾ ਸਕਦੇ ਹਨ। ਅਦਾਲਤ ਨੇ ਦੇਸ਼ ਭਰ ਵਿੱਚ ਪ੍ਰਸ਼ਾਸਨ ਨੂੰ ਲਗਾਤਾਰ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਹਾਨੀਕਾਰਕ ਰਸਾਇਣ ਦੇ ਇਸਤੇਮਾਲ ਕੀਤੇ ਜਾਣ ਸਬੰਧੀ ਜਾਂਚ ਕਰਨ ਦੇ ਵੀ ਹੁਕਮ ਦਿੱਤੇ ਹਨ।
ਦੂਜੇ ਪਾਸੇ ਕੇਂਦਰ ਸਰਕਾਰ ਪਟਾਕਿਆਂ ਦੀ ਵਿਕਰੀ ’ਤੇ ਰੋਕ ਲਾਏ ਜਾਣ ਦੇ ਖਿਲਾਫ ਹੈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਪਟਾਕਿਆਂ ਦੇ ਉਤਪਾਦਨ ਸਬੰਧੀ ਨਿਯਮ ਬਣਾਏ ਜਾ ਸਕਦੇ ਹਨ।